Total Pageviews

Sunday, January 22, 2012

ਸਮਾਜ ਦੇ ਜ਼ਿੰਮੇਵਾਰੋ! ਆਓ ਧੀਆਂ-ਭੈਣਾਂ ਅਤੇ ਸਮਾਜ ਦੀ ਬੇਇੱਜ਼ਤੀ ਕਰੀਏ।

ਪੱਤਰਕਾਰੀ ਖੇਤਰ ਨਾਲ ਜੁੜੇ ਹੋਣ ਕਰਕੇ ਕਈ ਵਾਰ ਅਜਿਹੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ ਜਿਹੜੀਆਂ ਲਗਾਤਾਰ ਬੇਅਰਾਮ ਕਰਦੀਆਂ ਰਹਿੰਦੀਆਂ ਹਨ। ਸਿੱਖ ਸਪੋਕਸਮੈਨ' ਵਿਚ ਛਪਣ ਲਈ ਇਹ ਅਜਿਹੀ ਹੀ ਖ਼ਬਰ ਕੁਝ ਦਿਨ ਪਹਿਲਾਂ ਮਿਲੀ ਸੀ, ਇਕ ਮਸ਼ਹੂਰ ਸੰਤ ਬਾਬੇ' ਵੱਲੋਂ ਭੇਜੀ ਗਈ ਖ਼ਬਰ ਦਾ ਸਿਰਲੇਖ ਸੀ ‘‘ਸੰਤ ਬਾਬਾ........ ਨੇ ਦੋ ਗਰੀਬ ਕੁੜੀਆਂ ਦੇ ਵਿਆਹ ਕੀਤੇ'' ਖ਼ਬਰ ਨਾਲ ਭੇਜੀ ਗਈ ਫੋਟੋ 'ਚ ਇਹ ਦੋਨੋਂ ਜੋੜੇ ਅਤਿ ਹੀ ਸੰਗ ਜਿਹੀ ਮੰਨਦੇ ਹੋਏ ਨੀਵੀਂ ਪਾਈ ਹੋਣ ਦੇ ਬਾਵਜੂਦ ਕੈਮਰੇ ਵੱਲ ਦੇਖ ਰਹੇ ਹਨ। ਨਵੇਂ ਵਿਆਹੇ ਇਹਨਾਂ ਦੋਨੋਂ ਜੋੜਿਆਂ ਦੇ ਮੂੰਹ ਤੋਂ ਇਬਾਰਤ ਪੜ੍ਹੀ ਜਾ ਸਕਦੀ ਹੈ ਕਿ ਇਹ ਫੋਟੋ ਖਿਚਵਾਉਣ ਸਮੇਂ ਸ਼ਰਮ ਮਹਿਸੂਸ ਕਰਕੇ ਨੀਵੀਂ ਪਾ ਬੈਠੇ ਹੋਣਗੇ ਪਰ ਕਥਿਤ ਸੰਤ ਬਾਬੇ ਜੋ ਇਹਨਾਂ ਦੇ ਪਿਛੇ ਖੜ੍ਹ ਕੇ ਫੋਟੋ ਕਰਵਾ ਰਹੇ ਹਨ ਸਮੇਤ ਕੈਮਰਾਮੈਨ ਨੇ ਉਪਰ ਦੇਖਣ ਲਈ ਕਿਹਾ ਹੋਵੇਗਾ। ਦੋਨੋਂ ਨਵੇਂ ਜੋੜੇ ਨੀਵੀਂ ਪਾਈ ਹੋਈ ਹੀ ਸਿਰਫ਼ ਅੱਖਾਂ ਕੁਝ ਕੁ ਉਪਰ ਚੁੱਕ ਕੇ ਬਾਬੇ ਦਾ ਅਹਿਸਾਨ ਪੂਰਾ ਕਰ ਦਿੱਤਾ ਹੋਵੇਗਾ।
ਧਾਰਮਿਕ ਆਗੂਆਂ ਦਾ ਕੰਮ ਸਮਾਜ ਦਾ ਭਲਾ ਸੋਚਣਾ ਹੈ ਅਤੇ ਨਾਲ ਹੀ ਆਮ ਲੋਕਾਈ ਨੂੰ ਵੀ ਉਸ ਰਾਹ ਪਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਸ ਰਾਹ 'ਤੇ ਚੱਲ ਕੇ ਅਸੀਂ ਇਕ ਦੂਜੇ ਦੇ ਸਹਾਇਕ ਹੋ ਕੇ ਚੰਗਾ ਜੀਵਨ ਬਸਰ ਕਰ ਸਕੀਏ। ਹੁਣ ਅਜਿਹਾ ਬਿਲਕੁਲ ਨਹੀਂ ਹੋ ਰਿਹਾ ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਬਹੁਤੇ ਧਾਰਮਿਕ ਆਗੂ ਵੀ ਆਪਣੀ ਪ੍ਰਸਿੱਧੀ ਲਈ ਕਈ ਅਜਿਹੇ ਕੰਮ ਕਰਨ ਲੱਗ ਪਏ ਹਨ ਜਿਸ ਨਾਲ ਸਮਾਜ ਦਾ ਭਲਾ ਹੋਣ ਦੀ ਥਾਂ ਸਗੋਂ ਇਸ ਸਮਾਜ ਨੂੰ ਕ¦ਕਿਤ ਕੀਤਾ ਜਾ ਰਿਹਾ ਹੈ। ਜਿਸ ਬਾਬੇ ਦੀ ਅਸੀਂ ਪਹਿਲਾਂ ਗੱਲ ਕਰ ਆਏ ਹਾਂ ਇਸੇ ਤਰ੍ਹਾਂ ਦੇ ਹੋਰ ਸੈਂਕੜੇ ਸੰਤ ਬਾਬੇ ਵੀ ਕੁਝ ਕੁੜੀਆਂ ਦਾ ਵਿਆਹ ਰਚਾ ਕੇ ਲੋਕਾਂ ਕੋਲੋਂ ਪੈਸੇ ਇਕੱਠੇ ਕਰ ਲੈਂਦੇ ਹਨ ਅਤੇ ਨਾਲ ਹੀ ਵਿਆਹ ਕੀਤੇ ਜਾਣ ਵਾਲੇ ਜੋੜਿਆਂ ਨੂੰ ਸਦਾ ਲਈ ਗਰੀਬੀ ਦਾ ਸਰਟੀਫਿਕੇਟ ਵੀ ਜਾਰੀ ਕਰ ਦਿੰਦੇ ਹਨ। ਕੀ ਕਦੇ ਇਹਨਾਂ ਸਮਾਜ ਦੇ ਜ਼ਿੰਮੇਵਾਰ ਲੋਕਾਂ ਨੇ ਸੋਚਿਆ ਹੈ ਕਿ ਜਿਸ ਕੁੜੀ ਦਾ ਉਹ ਗਰੀਬ ਘਰ ਦੀ ਕੁੜੀ' ਕਹਿ ਕੇ ਵਿਆਹ ਕਰ ਰਹੇ ਹਨ ਉਸ ਦੇ ਪਰਿਵਾਰ 'ਤੇ ਕੀ ਬੀਤਦੀ ਹੋਵੇਗੀ? ਸੋਚੋ! ਅਜਿਹਾ ਕਿਹੜਾ ਮਾਂ-ਬਾਪ ਹੋਵੇਗਾ ਜੋ ਇਹ ਚਾਹੇਗਾ ਕਿ ਉਹ ਆਪਣੀ ਧੀ ਨੂੰ ਘਰੋਂ ਵਿਦਾ ਕਰਨ ਦੀ ਥਾਂ ਕਿਸੇ ਡੇਰੇਦਾਰ ਸਾਧ 'ਤੇ ਨਿਰਭਰ ਹੋ ਕੇ ਜਲੀਲ ਹੁੰਦਾ ਫਿਰੇ। ਕੀ ਕਦੇ ਇਹਨਾਂ ਭਲੇ ਮਾਣਸਾਂ ਨੇ ਇਹ ਵੀ ਸੋਚਿਆ ਹੈ ਕਿ ਜੋ ਪਰਿਵਾਰ ਅੱਜ ਆਰਥਿਕ ਪੱਖੋਂ ਪੂਰਾ ਮਜ਼ਬੂਤ ਨਹੀਂ ਹੈ ਉਹ ਸਦਾ ਵਾਸਤੇ ਗਰੀਬ ਹੀ ਰਹੇਗਾ। ਸਭ ਨੂੰ ਪਤਾ ਹੈ ਕਿ ਗਰੀਬੀ-ਅਮੀਰੀ ਆਉਂਦੀ-ਜਾਂਦੀ ਰਹਿੰਦੀ ਹੈ। ਜਿਹੜੇ ਅੱਜ ਧਨਾਢ ਲੋਕ ਹਨ ਕਿਸੇ ਸਮੇਂ ਉਹਨਾਂ ਦੇ ਵਡੇਰੇ ਗਰੀਬੀ ਦੀ ਹਾਲਤ ਵਿਚ ਸਨ ਅਤੇ ਜੋ ਅੱਜ ਗਰੀਬ ਹਨ ਕੱਲ੍ਹ ਨੂੰ ਉਹਨਾਂ ਨੇ ਸਮਾਜ ਵਿਚ ਸਨਮਾਨ ਵਾਲਾ ਥਾਂ ਵੀ ਬਣਾਉਣਾ ਹੈ। ਪਰ ਅੱਜ ਵਕਤੀ ਤੌਰ 'ਤੇ ਕਮਜ਼ੋਰ ਪਰਿਵਾਰ ਨੂੰ ਗਰੀਬ ਆਖ ਕੇ ਉਹਨਾਂ ਦਾ ਭਵਿੱਖ ਖਰਾਬ ਨਹੀਂ ਕੀਤਾ ਜਾ ਰਿਹਾ? ਸਾਡਾ ਬੇਦਰਦ ਸਮਾਜ ਉਹਨਾਂ ਨੂੰ ਆਉਣ ਵਾਲੇ ਸਮੇਂ ਵਿਚ ਕਦੇ ਵੀ ਇਹ ਮਿਹਣਾ ਮਾਰ ਸਕਦਾ ਹੈ ਕਿ ਤੇਰਾ ਬਾਪ ਤਾਂ ਆਪਣੀ ਧੀ ਦਾ ਵਿਆਹ ਕਰਨ ਜੋਗਾ ਵੀ ਨਹੀਂ ਸੀ। ਫਿਰ ਇਹ ਧਾਰਮਿਕ ਆਗੂ ਕਿਸ ਸਮਾਜ ਦੀ ਸਿਰਜਣਾ ਕਰ ਰਹੇ ਹਨ ਜੋ ਲੋਕਾਂ ਦੇ ਪੈਸੇ ਖਰਚ ਕਰਕੇ ਸਮਾਜ ਦੀਆਂ ਧੀਆਂ ਅਤੇ ਮਜ਼ਬੂਰ ਮਾਪਿਆਂ ਨੂੰ ਗਰੀਬ' ਹੋਣ ਦਾ ਸਰਟੀਫਿਕੇਟ ਦੇ ਰਹੇ ਹਨ।
ਇਸੇ ਤਰ੍ਹਾਂ ਕੁਝ ਸਮਾਜ ਸੇਵੀ ਜਥੇਬੰਦੀਆਂ ਵੀ ਕਰ ਰਹੀਆਂ ਹਨ। ਦੋ-ਚਾਰ ਹਜ਼ਾਰ ਰੁਪਏ ਖਰਚ ਕੇ ਸਕੂਲਾਂ 'ਚ ਪੜ੍ਹਦੇ ਕੁਝ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਅੱਡ ਕੱਢ ਕੇ ਬੂਟ-ਕੋਟੀਆਂ ਆਦਿ ਦੇ ਕੇ ਉਹ ਬੱਚਿਆਂ ਵਿਚ ਗਰੀਬ ਵਰਗ' ਹੋਣ ਦਾ ਅਹਿਸਾਸ ਕਰਵਾ ਰਹੇ ਹਨ। ਕੀ ਇਹਨਾਂ ਸਮਾਜ ਸੇਵੀਆਂ ਨੇ ਸੋਚਿਆ ਹੈ ਕਿ ਅੱਜ ਉਹ ਜਿਸ ਬੱਚਿਆਂ ਨੂੰ ਗਰੀਬ ਪਰਿਵਾਰਾਂ ਦੇ ਬੱਚੇ ਆਖ ਕੇ ਆਪਣੇ ਫਰਜ਼ ਦੀ ਥਾਂ ਅਹਿਸਾਨ ਮੰਨ ਰਹੇ ਹਨ ਉਹ ਕੀ ਸੋਚਦੇ ਹੋਣਗੇ ਕਿ ਉਹਨਾਂ ਦੇ ਮਾਪੇ ਅੱਜ ਇੰਨੇ ਮਜ਼ਬੂਰ ਹੋ ਗਏ ਹਨ ਕਿ ਉਹ ਆਪਣੇ ਢਿੱਡੋ ਜਾਏ ਬੱਚਿਆਂ ਨੂੰ ਠੰਡ ਤੋਂ ਬਚਾਉਣ ਦੇ ਕਾਬਲ ਵੀ ਨਹੀਂ ਰਹੇ।
ਵਿਦੇਸ਼ਾਂ ਵਿਚ ਵਸਦੇ ਕੁਝ ਪੰਜਾਬੀਆਂ ਵਿਚ ਇਹ ਬਿਮਾਰੀ ਘਾਤਕ ਹੱਦ ਤੱਕ ਘਰ ਕਰ ਚੁੱਕੀ ਹੈ ਹਰੇਕ ਸਾਲ ਸਰਦੀਆਂ ਦੇ ਸ਼ੁਰੂ ਦੇ ਦਿਨਾਂ 'ਚ ਜਦ ਉਹ ਕੁਝ ਮਹੀਨੇ ਆਪਣੇ ਵਤਨ ਫੇਰਾ ਪਾਉਂਦੇ ਹਨ ਤਾਂ ਸਿਰਫ਼ ਮਨੋਰੰਜਨ ਪੱਖੋਂ ਜਾਂ ਫੋਕੀ ਟੌਹਰ ਬਣਾਉਣ ਵਜੋਂ ਉਹ ਵੀ ਸਕੂਲੀ ਬੱਚਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਰੀਬ ਹੋਣ ਦਾ ਅਹਿਸਾਸ ਜ਼ਰੂਰ ਕਰਵਾ ਜਾਂਦੇ ਹਨ।
ਇਲੈਟਰੌਨਿਕ ਅਤੇ ਪ੍ਰਿੰਟ ਮੀਡੀਆ ਵੀ ਕਿਸੇ ਤੋਂ ਘੱਟ ਨਹੀਂ ਹੈ ਉਹ ਵੀ ਬੱਚਿਆਂ ਪਿੱਛੇ ਖੜ੍ਹੇ ਸਹਾਇਤਾ ਦੇ ਰੂਪ ਵਿਚ ਗਰੀਬੀ ਦਾ ਸਰਟੀਫਿਕੇਟ' ਵੰਡ ਰਹੇ ਕਥਿਤ ਸਮਾਜ ਸੇਵੀਆਂ ਦੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਕੇ ਆਪਣੇ ਫਰਜ਼ਾਂ ਨੂੰ ਭੁੱਲ ਗਿਆ ਪ੍ਰਤੀਤ ਹੁੰਦਾ ਹੈ। ਮੀਡੀਆ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਛਾਪੀਆਂ ਗਈਆਂ ਫੋਟੋਆਂ ਸਮੇਤ ਖ਼ਬਰਾਂ ਕੱਲ੍ਹ ਨੂੰ ਸਬੰਧਤ ਲੋਕਾਂ ਨੂੰ ਹੀਣਤਾ ਦਾ ਅਹਿਸਾਸ ਕਰਵਾਉਣਗੀਆਂ।
ਇਥੇ ਕੀਤੀ ਗਈ ਵਿਚਾਰ ਚਰਚਾ ਤੋਂ ਭਾਵ ਇਹ ਨਹੀਂ ਕਿ ਸਾਨੂੰ ਕਮਜ਼ੋਰ ਵਰਗਾਂ ਦੀ ਮੱਦਦ ਨਹੀਂ ਕਰਨੀ ਚਾਹੀਦੀ ਸਗੋਂ ਇਸ ਦਾ ਸਾਰ ਅੰਸ ਇਹ ਹੈ ਕਿ ਜੇ ਸਾਨੂੰ ਕੁਦਰਤ ਨੇ ਦੂਜਿਆਂ ਨੂੰ ਦੇਣ ਜੋਗੀਆਂ ਨਿਆਮਤਾਂ ਬਖਸ਼ੀਆਂ ਹਨ ਤਾਂ ਇਸ ਦੀ ਵਰਤੋਂ ਅਹਿਸਾਨ ਵਜੋਂ ਨਹੀਂ ਸਗੋਂ ਆਪਣਾ ਫਰਜ਼ ਸਮਝ ਕੇ ਕਰਨੀ ਚਾਹੀਦੀ ਹੈ। ਸਰਕਾਰ ਵੱਲੋਂ ਸਾਇਕਲ ਜਾਂ ਵਜੀਫੇ ਦੇਣ ਵਾਲੀਆਂ ਸਕੀਮਾਂ ਵੀ ਗਰੀਬ ਵਰਗ ਲੋਕਾਂ ਲਈ' ਦੀ ਥਾਂ ਲੋੜਵੰਦ ਲੋਕਾਂ ਲਈ' ਵਜੋਂ ਪ੍ਰਚਾਰੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਲੋੜਵੰਦ ਪਰਿਵਾਰਾਂ ਜਾਂ ਬੱਚਿਆਂ ਦੇ ਮਨ ਵਿਚ ਹੀਣਤਾ ਘਰ ਨਾ ਕਰ ਜਾਵੇ।
Ravinder Singh Khalsa