Total Pageviews

Wednesday, February 8, 2012

ਛੱਬੀ ਜਨਵਰੀ

ਛੱਬੀ ਜਨਵਰੀ

ਉਸ ਵਿਚ ਦੇਸ਼ ਭਗਤੀ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ। aੁਹ ਆਪਣੇ ਦੇਸ਼ ਲਈ ਕੁੱਝ ਵੀ ਕਰਨ ਨੂੰ ਤਿਆਰ ਰਹਿੰਦਾ ਸੀ। ਭਾਵੇ ਉਹ ਪੰਜਾਬੀ ਸੀ, ਪਰ ਪਹਿਲਾਂ ਉਹ ਆਪਣੇ ਆਪ ਨੂੰ ਹਿੰਦੁਸਤਾਨੀ ਸਮਝਦਾ ਸੀ। ਫੌਜ ਵਿਚ ਹੋਣ ਕਾਰਣ ਸਾਰਾ ਪਿੰਡ ਉਸ ਨੂੰ ਫੌਜੀ ਹੀ ਕਹਿੰਦਾ ਸੀ। ਜਦੋ ਉਹ ਛੁੱਟੀ ਆਉਂਦਾ ਸਾਰੇ ਪਿੰਡ ਵਿਚ ਜਿਵੇਂ ਇਕ ਰੌਂਣਕ ਆ ਜਾਂਦੀ। ਪਿੰਡ ਦੇ ਨੋਜਵਾਨ ਮੁੰਡੇ ਅਤੇ ਬਜੁਰਗ ਉਸ ਦੇ ਆਲੇ- ਦੁਆਲੇ ਜਗਤੇ ਦੀ ਹੱਟੀ ਅੱਗੇ ਇਕੱਠੇ ਹੋ ਕੇ ਉਸ ਤੋਂ ਫੌਜ ਦੀਆਂ ਗੱਲਾਂ ਸੁਣਦੇ। ਜਦੋ ਉਹ ਬਹਾਦਰ ਪੰਜਾਬੀਆਂ ਦੀਆਂ ਕਹਾਣੀਆਂ ਸਣਾਉਦਾਂ ਤਾਂ ਉਸ ਦਾ ਮੂੰਹ ਲਾਲ ਹੋ ਜਾਂਦਾ। ਪੈਂਹਠ ਅਤੇ ਸੱਤਰ ਦੀਆਂ ਲੜਾਈਆਂ ਦਾ ਜਿੱਤ ਦਾ ਸਿਹਰਾ ਪੰਜਾਬੀਆਂ ਨੂੰ ਹੀ ਦਿੰਦਾਂ। ਉਹ ਜਦੋ ਹਰਜੀਤ ਸਿੰਘ ਪਾਈਲਟ ਦੀ ਗੱਲ ਕਰਦਾ ਤਾਂ ਕਹਿੰਦਾਂ,
"ਹਰਜੀਤ ਸਿੰਘ ਤਾਂ ਖਤਰਨਾਕ ਥਾਂਵਾ ਉੱਪਰ ਬੰਬ ਸੁੱਟ ਕੇ ਇੰਜ ਵਰਦੀਆਂ ਗੋਲੀਆਂ ਵਿਚੋ ਮੁੜ ਆaੁਂਦਾ ਸੀ ਜਿਵੇਂ ਲਾਗਲੇ ਪਿੰਡ ਦਾ ਹੀ ਚੱਕਰ ਕੱਢ ਕੇ ਆਇਆ ਹੋਵੇ।"
ਉਹ ਐਸੀਆਂ ਗੱਲਾਂ ਸਣਾਉਦਾ ਕੇ ਮੁੰਡੇ ਸਾਰੀ ਦੁਪਹਿਰ ਉਸ ਕੋਲ ਹੀ ਬਿਤਾਂਦੇ। ਜਦੋਂ ਉਨ੍ਹਾਂ ਦੀਆਂ ਮਾਂਵਾਂ ਘਰ ਦੇ ਕੰਮਾਂ ਲਈ ਅਵਾਜ਼ਾ ਮਾਰਦੀਆਂ ਤਾਂ ਕਿਤੇ ਉਹ ਜਾਂਦੇ। ਫੌਜੀ ਦੀ ਜ਼ਮੀਨ ਥੋੜੀ ਕਰਕੇ ਵਿਆਹ ਵੀ ਉਸਦਾ ਦੇਰ ਨਾਲ ਹੀ ਹੋਇਆ ਸੀ। ਪਰ ਉਸ ਨੇ ਆਪਣੀ ਮਿਹਨਤ ਨਾਲ ਸੁਹਣਾ ਘਰ-ਬਾਰ ਬਣਾ ਲਿਆ ਸੀ। ਹੁਣ ਉਸਦੀ ਗਿਣਤੀ ਪਿੰਡ ਦੇ ਰੱਜੇ ਪੁਜੇ ਬੰਦਿਆਂ ਵਿਚ ਹੁੰਦੀ ਸੀ।
ਜਦੋਂ ਉਸ ਦੇ ਆਲੇ- ਦੁਆਲੇ ਸਿਰਫ਼ ਨੋਜਵਾਨ ਹੀ ਹੁੰਦੇ, ਉਹ ਆਪਣੇ ਪਿਆਰ ਦੀ ਕੋਈ ਪੁਰਾਣੀ ਕਹਾਣੀ ਸੁਣਾਂਉਦਾ। ਜਦੋ ਉਹ ਮਦਰਾਸ ਵਿਚ ਸੀ। ਇੱਕ ਕੁੜੀ ਜੋ ਕਿ ਨਰਸ ਸੀ, ਉਸ ਨੂੰ ਪਿਆਰ ਕਰਨ ਲੱਗ ਪਈ।ਉਹਨਾਂ ਵਿਚੋਂ ਹੀ ਕੋਈ ਮਨਚਲਾ ਜਵਾਨ ਪੁਛੱਦਾ, "ਚਾਚਾ ਜੀ, ਤੁਸੀ ਉਸ ਨਾਲ ਵਿਆਹ ਕਿਉਂ ਨਹੀ ਕਰਵਾਇਆ?"
"ਉਹਦੇ ਘਰ ਦੇ ਹੀ ਨਹੀ ਮੰਨੇ।" ਉਹ ਦੁੱਖ ਜਿਹੇ ਨਾਲ ਕਹਿੰਦਾ, " ਉਸ ਨੂੰ ਸਰਦਾਰ ਚੰਗੇ ਲਗਦੇ ਸਨ। ਉਸ ਨੂੰ ਸਰਦਾਰਾਂ ਦੀ ਖੁੱਲਦਿਲੀ ਅਤੇ ਬਹਾਦਰੀ ਨਾਲ ਬਹੁਤ ਪਿਆਰ ਸੀ।"
ਪਿੰਡ ਵਿਚ ਇਕ ਵਾਰੀ ਪੰਚਾਇਤ ਹੋਈ। ਚੋਰੀ ਦਾ ਕੇਸ ਸੀ। ਕੋਈ ਨੋਜਵਾਨ ਰਾਤ ਨੂੰ ਲਾਗਲੇ ਪਿੰਡਾਂ ਵਿਚ ਚੋਰੀ ਕਰਦਾ ਸੀ। ਪੰਚਾਇਤ ਦਾ ਇਕ ਮੈਂਬਰ ਇਸ ਕੇਸ ਬਾਰੇ ਗੱਲ ਕਰਦਾ ਕਹਿਣ ਲੱਗਾ,
" ਆਪਣਾ ਦੇਸ਼ ਹੀ ਮਾੜਾ ਹੈ, ਨੋਜਵਾਨਾਂ ਨੂੰ ਨੋਕਰੀਆਂ ਤਾਂ ਦੇ ਨਹੀ ਸਕਦਾ, ਜਵਾਨਾਂ ਨੇ ਚੋਰੀਆਂ ਹੀ ਕਰਨੀਆਂ।"
ਇਹ ਗੱੱੱਲ ਸੁਣ ਕੇ ਫੋਜੀ ਇਕਦਮ ਗੁੱਸੇ ਵਿਚ ਬੋਲਿਆ, "ਤਾਇਆ, ਦੇਸ਼ ਨੂੰ ਮਾੜਾ ਮੁੜ ਕੇ ਨਾ ਕਹੀਂ। ਨਹੀ ਤਾਂ ਮੇਰੇ ਤੋਂ ਬੁਰਾ ਕੋਈ ਨਹੀ ਹੋਵੇਗਾ।"
ਸਾਰੇ ਤਾਏ ਨੂੰ ਹੀ ਕਹਿਣ ਲੱਗ ਪਏ ਕਿ ਉਸ ਨੂੰ ਫੌਜੀ ਦੇ ਸਾਹਮਣੇ ਦੇਸ਼ ਨੂੰ ਮਾੜਾ ਨਹੀ ਸੀ ਕਹਿਣਾ ਚਾਹੀਦਾ ਕਿਉਕਿ ਸਭ ਨੂੰ ਪਤਾ ਹੈ ਕਿ ਫੌਜੀ ਆਪਣੇ ਦੇਸ਼ ਦੇ ਖਿਲਾਫ਼ ਸੱਚੀ ਗੱਲ ਵੀ ਨਹੀ ਸੁਣ ਸਕਦਾ।
ਜਦੋ ਪਿੰਡ ਦੇ ਸਕੂਲ ਵਿਚ ਪੰਦਰਾ ਅਗਸਤ ਜਾਂ ਛੱਬੀ ਜਨਵਰੀ ਮਨਾਈ ਜਾਂਦੀ ਫੌਜੀ ਤਿਆਰੀ ਕਰਾਉਣ ਵਿਚ ਸਭ ਤੋਂੱ ਅੱਗੇ ਹੁੰਦਾ। ਭਾਰਤ ਬਾਰੇ ਗੱਲਾਂ ਕਰਦਾ ਉਹ ਆਮ ਕਹਿ ਦਿੰਦਾਂ ਕਿ ਭਾਰਤ ਤਾਂ ਇਕ ਬਹੁਤ ਸੁਦੰਰ ਬਗੀਚਾ ਹੈ ਅਤੇ ਇਸ ਦੇ ਵੱਖ ਵੱਖ ਸੂਬੇ ਇਸ ਬਗੀਚੇ ਦੇ ਤਰ੍ਹਾਂ ਤਰ੍ਹਾਂ ਦੇ ਫੁਲ ਹਨ। ਉਸ ਨੂੰ ਲੱਗਦਾ, ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਨਾਲ ਪਿਆਰ ਨਹੀ ਹੈ ਜੋ ਇਸ ਨੂੰ ਛੱਡ ਕੇ ਬਾਹਰਲੇ ਦੇਸ਼ਾਂ ਵਿਚ ਜਾਂਦੇ ਹਨ।
ਐਤਕੀ ਛੱਬੀ ਜਨਵਰੀ ਵਾਲੇ ਦਿਨ ਸਕੂਲ ਵਿਚ ਸਵੇਰੇ ਹੀ ਢੋਲ ਵਜਣ ਲੱਗ ਪਿਆ। ਹੌਲੀ ਹੌਲੀ ਸਾਰੇ ਹੀ ਸਕੂਲ ਵਿਚ ਇਕੱਠੇ ਹੋਣ ਲੱਗ ਪਏ। ਪਰ ਫੌਜੀ ਜਿਸ ਮੰਜੇ ਉੱਪਰ ਬੈਠਾ ਸੀ ਉੱਥੇ ਹੀ ਰਿਹਾ। ਸਾਰੇ ਹੈਰਾਨ ਸਨ ਕਿ ਅੱਜ ਫੌਜੀ ਇਸ ਸਮਾਗਮ ਵਿਚ ਪਿੱਛੇ ਕਿਵੇ ਰਹਿ ਗਿਆ ਸੀ। ਸਰਪੰਚ ਨੇ ਦੋ ਮੁੰਡਿਆ ਨੂੰ ਭੇਜਿਆ ਕਿ ਜਾਉ ਜਾ ਕੇ ਫੌਜੀ ਨੂੰ ਲੈ ਕੇ ਆਉ। ਜਦੋ ਮੁੰਡੇ ਉਸ ਕੋਲ ਪਹੁੰਚੇ ਤਾਂ ਦੇਖਿਆ ਕੇ ਫੌਜੀ ਤਾਂ ਹੁਣ ਬਹੁਤ ਬਦਲ ਚੁੱਕਾ ਹੈ। ਹੁਣ ਤਾਂ ਲੱਗਦਾ ਸੀ ਜਿਵੇਂ ਉਸ ਵਿਚੋਂ ਦੇਸ਼ ਪਿਆਰ ਮਰ ਗਿਆ ਹੋਵੇ ਜਾਂ ਕਿਧਰੇ ਉੱਡ ਗਿਆ ਹੋਵੇ। ਮੁੰਡਿਆਂ ਨੇ ਕਿਹਾ, " ਚਾਚਾ ਜੀ ਤੁਸੀ ਇੱਥੇ ਬੈਠੇ ਹੋ, ਸਕੂਲ ਵਿਚ ਸਾਰਾ ਪਿੰਡ ਤੁਹਾਡੀ ਉਡੀਕ ਕਰ ਰਿਹਾ ਹੈ।"
"ਮਲ, ਮੈ ਹੁਣ ਇਸ ਤਰਾਂ ਦੇ ਦਿਨ ਨਹੀ ਮਨਾਂਉਦਾ।" ਫੌਜੀ ਨੇ ਉਦਾਸ ਮਨ ਨਾਲ ਕਿਹਾ।
"ਪਰ ਚਾਚਾ ਜੀ, ਅੱਗੇ ਤਾਂ ਤੁਸੀ ਸਭ ਨਾਲੋ ਅੱਗੇ ਹੁੰਦੇ ਸੀ।" ਇਕ ਮੁੰਡੇ ਨੇ ਉਸ ਨਾਲ ਹੀ ਮੰਜੇ ਦੇ ਉੱਪਰ ਬੈਠਦੇ ਕਿਹਾ।
"ਉਦੋ ਕਾਕਾ, ਮੈਨੂੰ ਭੁਲੇਖਾ ਸੀ, ਮੈ ਸੋਚਦਾ ਸਾਂ ਅਸੀ ਅਜ਼ਾਦ ਦੇਸ਼ ਦੇ ਵਾਸੀ ਹਾਂ।" ਫੌਜੀ ਨੇ ਅੱਖਾਂ ਥੱਲੇ ਕਰਦੇ ਕਿਹਾ, " ਮੈ ਤਾਂ ਜੋ ਕੁਝ ਵੀ ਇਸ ਦੇਸ਼ ਲਈ ਪਹਿਲਾਂ ਕੀਤਾ ਉਸ ਦਾ ਵੀ ਮੈਨੂੰ ਪਛਤਾਵਾ ਹੋ ਜਾਂਦਾ ਹੈ।"
ਮੁੰਡੇ ਹੈਰਾਨ ਹੋਏ ਇਕ ਦੂਜੇ ਵਲ ਦੇਖਣ ਲੱਗੇ। ਉਹਨਾਂ ਨੂੰ ਫੌਜੀ ਦੀਆਂ ਗੱਲਾਂ ਦੀ ਸਮਝ ਨਹੀ ਸੀ ਆ ਰਹੀ । ਪਰ ਫਿਰ ਵੀ ਮੁੰਡਿਆਂ ਨੇ ਜ਼ਿੱਦ ਕੀਤੀ ਅਤੇ ਕਹਿਣ ਲੱਗੇ, " ਚਾਚਾ ਜੀ, ਅਸੀ ਤਾਂ ਤਹਾਨੂੰ ਲੈ ਕੇ ਹੀ ਜਾਂਵਾਂਗੇ। ਤੁਹਾਡੇ ਤੋਂ ਬਗ਼ੈਰ ਅਸੀ ਤਿਰੰਗਾਂ ਲਹਿਰਾਂਉਂਦੇ ਕਿਤੇ ਚੰਗੇ ਲਗਦੇ ਹਾਂ।"
ਇਹ ਗੱਲ ਕਹਿਣ ਦੀ ਹੀ ਦੇਰ ਸੀ ਕਿ ਫੌਜੀ ਭਰਿਆ ਤਾਂ ਪਹਿਲਾਂ ਸੀ। ਬਸ ਫਿਰ ਕੀ ਉਸਦੇ ਸਬਰ ਦਾ ਬੰਨ ਜਿਵੇਂ ਟੁੱਟ ਗਿਆ ਹੋਵੇ। ਉਸ ਦੀਆਂ ਅੱਖਾਂ ਵਿਚੋਂ ਤਿਪ ਤਿਪ ਪਾਣੀ ਚੋਣ ਲੱਗਾ। ਇਕ ਹੱਥ ਦਿਲ ਉੱਪਰ ਰੱਖ ਕੇ ਕਹਿਣ ਲੱਗਾ, " ਉਹ ਕਿਹੜੀ ਛੱਬੀ ਜਨਵਰੀ? ਅਸੀ ਕਾਹਦੇ ਅਜ਼ਾਦ ਹਾਂ। ਚੋਰਾਸੀ ਵਿਚ ਜੋ ਕੁੱਝ ਹੋਇਆ। ਉਹ ਅਜ਼ਾਦ ਦੇਸ਼ ਦੇ ਬਸ਼ੀਦਿੰਆਂ ਨਾਲ ਹੁੰਦਾ ਹੈ। ਸਾਡੇ ਗੁਰਦੁਆਰਿਆਂ ਨੂੰ ਟਂੈਂਕਾਂ ਨਾਲ ਉਡਾਇਆ ਗਿਆ।ਸਾਡੀਆਂ ਮਾਂਵਾਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ।" ਫੋਜੀ ਦਾ ਸਾਹ ਤੇਜ਼ ਤੇਜ਼ ਚਲਣ ਲੱਗਾ। ਮੁੰਡੇ ਘਬਰਾ ਗਏ ਕਿਉਕਿ ਉਹਨਾਂ ਨੇ ਪਹਿਲਾਂ ਚਾਚਾ ਜੀ ਂਨੂੰ ਇਸ ਤਰ੍ਹਾਂ ਬੋਲਦੇ ਨਹੀ ਸੁਣਿਆ ਸੀ। ਇਕ ਮੁੰਡਾ ਦੌੜ ਕੇ ਪਾਣੀ ਦਾ ਗਿਲਾਸ ਲੈ ਕੇ ਆਇਆ ਤਾਂ ਫੌਜੀ ਨੂੰ ਪਿਲਾਇਆ। ਫੌਜੀ ਨੇ ਪਾਣੀ ਪੀ ਕੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ, "ਬੇਦਰਦਾਂ ਨੇ ਦਿਨ ਵੀ ਪੰਜਵੀ ਪਾਤਸ਼ਾਹੀ ਦਾ ਸ਼ਹੀਦੀ ਵਾਲਾ ਚੁਣਿਆ । ਜਿਸ ਦਿਨ ਲੱਖਾਂ ਸ਼ਰਧਾਲੂ ਗੁਰਦੁਆਰਿਆਂ ਵਿਚ ਇੱਕਠੇ ਹੁੰਦੇ ਹਨ। ਸਭ ਗਿਣੀ ਮਿਥੀ ਸਕੀਮ ਨਾਲ ਹੀ ਹੋਇਆ।"
ਇੱਕ ਮੁੰਡੇ ਨੇ ਫੌਜੀ ਦਾ ਹਝੂੰਆਂ ਨਾਲ ਗਿਲਾ ਮੂੰਹ ਉਸ ਦੇ ਸਾਫੇ ਦਾ ਲੜ ਫੜ ਕੇ ਸਾਫ਼ ਕੀਤਾ ਅਤੇ ਨਮ ਜਹੀ ਅਵਾਜ਼ ਨਾਲ ਬੋਲਿਆ, " ਚਾਚਾ ਜੀ, ਹੋਇਆ ਤਾਂ ਬਹੁਤ ਕੁਝ ਹੈ।ਦਿੱਲੀ ਵਿਚ ਨਿਰਦੋਸ਼ਿਆਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜੇ, ਇਸ ਤਿਰੰਗੇ ਥੱਲੇ ਕਾਤਲ ਸ਼ਰੇਆਮ ਵਜ਼ੀਰੀਆਂ ਲੈ ਕੇ ਬੈਠ ਗਏ ਅਤੇ ਇਸ ਦੇਸ਼ ਦੇ ਸੰਵਿਧਾਨ ਨੇ ਸਜਾ ਕਿਸੇ ਨੂੰ ਨਾ ਸੁਣਾਈ। "
ਮੁੰਡੇ ਦਾ ਗਚ ਵੀ ਭਰ ਆਇਆ ਅਤੇ ਅਗਾਂਹ ਕੁਝ ਬੋਲ ਨਾ ਸਕਿਆ।
" ਆਹ ਗੱਲਾਂ ਚੇਤੇ ਆਉਣ ਨਾਲ ਸਾਡਾ ਦਿਲ ਵੀ ਤਿਰੰਗਾ ਲਹਿਰਾਉਣ ਨੂੰ ਨਹੀ ਕਰਦਾ।" ਇਹ ਗੱਲ ਕਹਿੰਦਾ ਹੋਇਆ ਦੂਸਰਾ ਮੁੰਡਾ ਵੀ ਮੰਜ਼ੇ ਦੀ ਪੈਂਦ ਉੱਪਰ ਬੈਠ ਗਿਆ।
" ਚੇਤਾ ਪਤਾ ਨਹੀ, ਤਹਾਨੂੰ ਕਿਦਾਂ ਭੁਲ ਜਾਂਦਾ ਹੈ? ਮੇਰਾ ਤਾਂ ਹਰ ਵੇਲੇ ਹੀ ਦਿਲ ਧੁਖਦਾ ਰਹਿੰਦਾਂ ਹੈ।" ਫੋਜੀ ਦੀ ਅਵਾਜ਼ ਫਿਰ ਉੱਚੀ ਹੋ ਗਈ, " ਜੇ ਆਪਣੇ ਹੱਕ ਤੇ ਇਨਸਾਫ ਮੰਗਦੇ ਹਾਂ ਤਾਂ ਅਤਿਵਾਦੀ ਬਣ ਜਾਂਦੇ ਹਾਂ। ਤਿਰੰਗਾ ਕਿਹੜੇ ਚਾਅ ਵਿਚ ਲਹਿਰਾਈਏ।" ਇਸ ਦੇ ਨਾਲ ਹੀ ਫੌਜੀ ਨੂੰ ਸਾਹ ਖਿਚਵਾ ਜਿਹਾ ਆਉਣ ਲੱਗਾ।aਦੋਂ ਹੀ ਫੌਜੀ ਦੀ ਨੂੰਹ ਦਵਾਈ ਵਾਲੀ ਡੱਬੀ ਲੈ ਕੇ ਆ ਗਈ ਅਤੇ ਕਹਿਣ ਲੱਗੀ, " ਭਾਪਾ ਜੀ ਪਹਿਲਾਂ ਗੋਲੀ ਲਉ। ਤਹਾਨੂੰ ਕਿੰਨੀ ਵਾਰੀ ਕਹੀਦਾ ਹੈ। ਉਹ ਗੱਲਾਂ ਨਾ ਸੋਚਿਆ ਕਰੋ ਜਿਨ੍ਹਾਂ ਕਰਕੇ ਤੁਸੀ ਆਪਣੇ ਆਪ ਬੀਮਾਰੀ ਲਾ ਲਈ ਹੈ।"
ਫਿਰ ਮੁੰਡਿਆ ਨੂੰ ਕਹਿਣ ਲੱਗੀ, " ਭਰਾਵੋ, ਤੁਸੀ ਇਹਨਾਂ ਨੂੰ ਇੱਥੇ ਹੀ ਰਹਿਣ ਦਿਉ।ਦਵਾਈ ਨਾਲ ਇਹਨਾਂ ਨੂੰ ਨੀਂਦ ਆ ਜਾਣੀ ਹੈ ਅਤੇ ਚਿਤ ਵੀ ਸ਼ਾਂਤ ਹੋ ਜਾਣਾ ਹੈ।"
ਇਕ ਮੁੰਡਾ ਤਾਂ ਫੌਜੀ ਦੇ ਕੋਲ ਹੀ ਬੈਠਾ ਰਿਹਾ ਅਤੇ ਦੂਸਰੇ ਮੁੰਡੇ ਨੇ ਸਰਪੰਚ ਨੂੰ ਸਾਰੀ ਗੱਲ ਜਾ ਦੱਸੀ। ਗੱਲ ਸੁਣ ਕੇ ਸਰਪੰਚ ਵੀ ਉਦਾਸ ਜਿਹਾ ਹੋ ਗਿਆ ਅਤੇ ਢੋਲ ਵਾਲੇ ਨੂੰ ਕਹਿਣ ਲੱਗਾ ਕਿ ਉਹ ਢੋਲ ਨਾ ਵਜਾਵੇ। ਜਿਵੇਂ ਸਰਪੰਚ ਨੂੰ ਵੀ ਕੁਝ ਚੇਤਾ ਆਗਿਆ ਹੋਵੇ ਅਤੇ ਭੀੜ ਵੱਲ ਂਨੂੰ ਮੂੰਹ ਕਰਕੇ ਕਹਿਣ ਲੱਗਾ, " ਮੈ ਘਰ ਨੂੰ ਜਾ ਰਿਹਾ ਹਾਂ ਕਿਉਕਿ ਮੇਰੀ ਤਬੀਅਤ ਕੁੱਝ ਠੀਕ ਨਹੀ ਹੈ।" ਅਤੇ ਉਹ ਘਰ ਨੂੰ ਚਲਾ ਗਿਆ।
ਸਾਰੇ ਲੋਕੀ ਹੈਰਾਨ ਸਨ ਕਿ ਪਹਿਲਾਂ ਤਾਂ ਸਰਪੰਚ ਚੰਗਾ ਭਲਾ ਸੀ ਹੁਣੇ ਕੀ ਹੋ ਗਿਆ। ਪਿੰਡ ਵਾਸੀ ਉਸ ਮੁੰਡੇ ਦੇ ਦੁਆਲੇ ਹੋ ਗਏ ਅਤੇ ਪੁੱਛਣ ਲੱਗੇ, " ਕੀ ਗੱਲ ਹੋਈ ਹੈ? ਦੱਸ ਸਾਨੂੰ, ਕਿਉਕਿ ਤੂੰ ਹੀ ਸਰਪੰਚ ਸਾਬ੍ਹ ਨਾਲ ਗੱਲਾਂ ਕਰਦਾ ਸੀ।"
ਜਦੋ ਮੁੰਡੇ ਨੇ ਸਾਰੀ ਕਹਾਣੀ ਦੱਸੀ ਤਾਂ ਸੁਣ ਕੇ ਸਾਰੇ ਹੀ ਉਦਾਸ ਹੋ ਗਏ। ਜਿਵੇਂ ਕਿਸੇ ਫਿਲਮ ਦੀ ਰੀਲ ਉਹਨਾਂ ਦੀਆਂ ਅੱਖਾਂ ਅੱਗੇ ਘੁੰਮ ਗਈ ਹੋਵੇ। ਹੌਲੀ ਹੌਲੀ ਕਰਕੇ ਸਾਰੇ ਪਿੰਡ ਵੱਲ ਨੂੰ ਮੁੜਨ ਲੱਗੇ। ਸਿਰਫ ਬੱਚੇ ਹੀ ਢੋਲ ਦੇ ਦੁਆਲੇ ਇੱਕਠੇ ਹੋ ਕੇ ਉਸ ਨੂੰ ਹੌਲ਼ੀ ਹੌਲੀ ਥਪਕ ਰੇਹੇ ਸਨ। ਢੋਲੀ ਵੀ ਬੱਚਿਆਂ ਉੱਪਰ ਗੁੱਸਾ ਕੱਢਦਾ ਹੋਇਆ ਅਤੇ ਢੋਲ ਉਹਨਾਂ ਕੋਲੋ ਖਿਚਦਾ ਹੋਇਆ ਬੋਲਿਆ, " ਦੋੜੌ ਇਥੋ, ਸਾਲੇ ਛੱਬੀ ਜਨਵਰੀ ਦੇ।" ਬੱਚੇ ਵੀ ਸਹਿਮੇ ਹੋਏ ਢੋਲੀ ਦੇ ਮਗਰ ਹੀ ਪਿੰਡ ਵੱਲ ਨੂੰ ਤੁਰ ਪਏ।