‘ਊੜੇ’ ਨਾਲ਼ ਕਮਾਈ! ‘ਜੂੜੇ’ ਨਾਲ਼ ਬੇ-ਵਫ਼ਾਈ !!
ਇੱਕ ਨਾਮਵਰ ਸਿੱਖ ਰਾਗੀ-ਢਾਡੀ ਦਾ ਨੌਜਵਾਨ ਲੜਕਾ ‘ਗਾਇਕ ਕਲਾਕਾਰ’ ਬਣ ਗਿਆ। ਇਸ ਰਾਹੇ ਪੈਣ ਦੀ ਪਹਿਲੀ ਪੌੜੀ, ਜਿਹੜੀ ਕਿ ਕਲਾਕਾਰਾਂ ਨੇ ਕੁੱਝ ਕੁ ਦਹਾਕਿਆਂ ਤੋਂ ਆਪੇ ਸਿਰਜ ਲਈ ਹੋਈ ਹੈ, ਉਸ ਨੇ ਹੱਸ ਕੇ ਪਾਰ ਕਰ ਲਈ। ਭਾਵ ਮੂੰਹ-ਸਿਰ ਸਫਾ ਚੱਟ! ਸਾਰੀ ਉਮਰ ਸਟੇਜਾਂ ਉੱਪਰ ਸਿੱਖ ਇਤਿਹਾਸ ਜੋਸ਼ੀਲੇ ਢੰਗ ਨਾਲ਼ ਸੁਣਾਉਣ ਵਾਲ਼ੇ ਬਾਪ ਨੇ ਬੁਰਾ ਤਾਂ ਮਨਾਇਆ, ਪਰ ‘ਪੁੱਤ ਰਾਜ ਮਲੇਛ ਰਾਜ’ ਵਾਲ਼ੀ ਕਹਾਵਤ ਚੇਤੇ ਕਰ ਕੇ ਸਬਰ ਦਾ ਘੁੱਟ ਭਰ ਲਿਆ। ਮੁੰਡੇ ਨੂੰ ਰਾਗ ਤਾਂ ਵਿਰਸੇ ਵਿੱਚੋਂ ਹੀ ਮਿਲਿਆ ਸੀ। ਥੋੜ੍ਹੀ ਹੋਰ ਮਿਹਨਤ ਕਰਨ ਨਾਲ਼ ਚੰਗੀ ਗੁੱਡੀ ਚੜ੍ਹ ਗਈ।। ਰਾਗੀ ਬਾਪ ਨੇ ਜਦੋਂ ਦੇਖਿਆ ਕਿ ਮੁੰਡਾ ਹੁਣ ਆਪਣੀਆਂ ਚੋਪੜੀਆਂ ਗੱਲ੍ਹਾਂ ਵਰਗੀ ਲਿਸ਼ਕਦੀ ਕਾਰ ਵਿੱਚ ਘੁੰਮਦਾ ਹੈ ਅਤੇ ਆਲੀਸ਼ਾਨ ਕੋਠੀ ਦਾ ਮਾਲਕ ਵੀ ਬਣ ਚੁੱਕਾ ਹੈ । ਗਲ਼ ਵਿੱਚ ਮੋਟੀ ਸਾਰੀ ਸੋਨੇ ਦੀ ਚੇਨੀਂ ਨਾਲ਼ ਖੰਡਾ ਵੀ ਲਟਕਾਈ ਫਿਰਦਾ ਹੈ । ਤਦ ਉਸ ਨੇ ਇੱਕ ਦਿਨ ਮੌਕਾ ਵਿਚਾਰ ਕੇ ਆਪਣੇ ਕਲਾਕਾਰ ਪੁੱਤ ਨੂੰ ਪਤਿਆਉਂਦਿਆਂ ਹੋਇਆਂ ਆਖਿਆ-
“ਕਾਕਾ, ਸੁੱਖ ਨਾਲ਼ ਹੁਣ ਦਾਤੇ ਦੀ ਤੇਰੇ ‘ਤੇ ਫੁੱਲ ਕਿਰਪਾ ਹੋ ਚੁੱਕੀ ਹੈ, ਸਾਰਾ ਕੁੱਝ ਰੱਬ ਨੇ ਦਿੱਤਾ ਹੋਇਆ ਹੈ। ਤੈਂਨੂੰ ਘੋਨ-ਮੋਨ ਰੂਪ ਵਿੱਚ ਦੇਖ ਕੇ ਮੈਂਨੂੰ ਸ਼ਰਮ ਆਉਂਦੀ ਹੈ। ਪੁੱਤਰਾ, ਅਸੀਂ ਖਾਨਦਾਨੀਂ ਗੁਰੂ ਦੇ ਸਿੱਖ ਹਾਂ। ਸਾਰੀ ਉਮਰ ਮੈਂ ਦੇਸਾਂ ਪ੍ਰਦੇਸਾਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਲੋਕ ਮੈਂਨੂੰ ਕੀ ਕਹਿੰਦੇ ਹੋਣਗੇ? ਸੋ ਪੁੱਤ, ਮਿੰਨਤ ਦੀ ਗੱਲ ਐ, ਹੁਣ ਤੂੰ ਭੁੱਲ ਬਖਸ਼ਾ ਕੇ ਦਾਹੜੀ ਕੇਸ ਰੱਖ ਲੈ!” ਬਾਪ ਨੇ ਘਿਗਿਆਈ ਬੋਲੀ ਵਿੱਚ ਪੰਜਾਬ ਵਿਚਲੀ ਸਿੱਖੀ ਦੀ ਨਿੱਘਰਦੀ ਜਾਂਦੀ ਹਾਲਤ ਦਾ ਵੀ ਵਾਸਤਾ ਪਾਉਂਦਿਆਂ ਲੜਕੇ ਨੂੰ ਪ੍ਰੇਰਿਆ।
ਮੋਹਰਿਉਂ ਮਾਰਦੀ ਮੱਝ ਵਾਂਗ ਚਾਰੇ ਖੁਰ ਚੁੱਕ ਕੇ ‘ਕਲਾਕਾਰ’ ਕੜਕਿਆ- “ਕਿਆ ਸਿੱਖੀ ਸਿੱਖੀ ਕਰੀ ਜਾਨੈਂ ਤੂੰ ਬੁੜ੍ਹਿਆ !......ਤੈਂ ਸਾਰੀ ਉਮਰ ‘ਚ ਉਂਨੀਂ ਕਮਾਈ ਨਹੀਂ ਕੀਤੀ ਹੋਣੀਂ, ਜਿੰਨੀਂ ਮੈਂ ਇੱਕ- ਦੋ ਸਾਲਾਂ ਵਿੱਚ ਹੀ ਕਰ ਲਈ ਹੈ! ……ਹਾਲੇ ਤਾਂ ਮੈਂ ਫਲਾਣੀਂ ਮਿੱਸ …… ਨਾਲ਼ ਵੀਡੀਉ ਐਲਬਮ ਕੱਢਣੀਂ ਐਂ, ਫਿਰ ਹੋਰ ਦੇਖੀਂ ਵਾਰੇ ਨਿਆਰੇ ਹੁੰਦੇ!!”
‘ਕਮਲ਼ਿਆ ਮਾਇਆ ਤਾਂ ਕੰਜਰਾਂ ਕੋਲ਼ ਵੀ ਬਥੇਰੀ ਹੁੰਦੀ ਹੈ, ਫਿਰ ਉਨ੍ਹਾਂ ਵਾਲ਼ਾ ਹੀ ਧੰਦਾ ਕਰ……।‘ ਆਪਣੀ ਉਮਰ ਭਰ ਦੀ ਕੀਤੀ–ਕੱਤਰੀ ਨੂੰ, ਔਲਾਦ ਵਲੋਂ ਮਾਇਆ ਦੇ ਫ੍ਹੀਤੇ ਨਾਲ਼ ਨਾਪਣ ਤੋਂ ਦੁਖੀ ਹੋਏ ਬਾਪ ਦੇ ਕੰਠ ‘ਚੋਂ ੳਠਿਆ ਉਕਤ ਅਧੂਰਾ ਵਾਕ ਬੁੱਲ੍ਹਾਂ ਤੱਕ ਆਉਂਦਾ ਆਉਂਦਾ ਦਮ ਤੋੜ ਗਿਆ। ਹਾਰੇ ਹੋਏ ਖਿਡਾਰੀ ਵਾਂਗ ਨਿੰਮੋਂ-ਝੂਣਾ ਜਿਹਾ ਹੋ ਕੇ ਪਿਉ ਨੇ ਇੱਕ ਤਰਲਾ ਹੋਰ ਕੱਢਿਆ, “ਚੱਲ ਫੇ ਥੋੜ੍ਹੀ ਥੋੜ੍ਹੀ ਦਾਹੜੀ ਰੱਖ ਕੇ ਪੱਗ ਤਾਂ ਬੰਨ ਲਿਆ ਕਰ, ਤੂੰ ਸਿੱਖ ਦਾ ਪੁੱਤ ਐਂ!” ਹੁਣ ਕਲਾਕਾਰ ਪੁੱਤ ਥੋੜ੍ਹੀ ਜਿਹੀ ‘ਭਲੇਮਾਣਸੀ’ ਦਿਖਾ ਗਿਆ …… ਬਰੂ ਚੜ੍ਹੇ ਪਸ਼ੂ ਵਾਂਗ ਲਾਲ ਅੱਖਾਂ ਕਰ ਕੇ ਪਿਉ ਵੱਲ ‘ਸਿਰਫ’ ਘੂਰ ਕੇ ਦੇਖਿਆ , ਕਿਹਾ ਕੁੱਝ ਨਾ।
ਥੋੜ੍ਹੇ ਕੁ ਦਿਨਾਂ ਬਾਅਦ ਇੱਕ ਟੀ.ਵੀ. ਚੈਨਲ ‘ਤੇ ਇਹੋ ‘ਹਰਦਿਲ ਅਜ਼ੀਜ਼’ ਗਾਇਕ ਇੰਟਰਵਿਊ ਦਿੰਦਾ ਹੋਇਆ ਚਪੜ ਚਪੜ ਕਰ ਰਿਹਾ ਸੀ - “ਮੈਂ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੇ ‘ਪੂਜਯ ਪਿਤਾ ਜੀ’ ਦੇ ਆਸ਼ੀਰਵਾਦ ਸਦਕਾ ਇਸ ਮੁਕਾਮ ‘ਤੇ ਪਹੁੰਚਿਆ ਹਾਂ…… ਉਨ੍ਹਾਂ ਦਾ ਮੋਹ ਭਰਿਆ ਨਿੱਘਾ ਥਾਪੜਾ ਮਿਲ਼ਦਾ ਆ ਰਿਹਾ ਹੈ… ਉਨ੍ਹਾਂ ਦੀ ਬਦੌਲਤ ਮੈਂ ਸੰਗੀਤ ਵੱਲ ਰੁਚਿਤ ਹੋਇਆ ਹਾਂ…।"
ਐਂਕਰ ਵੱਲੋਂ ਪੁੱਛੇ ਗਏ ਸਵਾਲ ਕਿ ਪੰਜਾਬੀ ਗਾਇਕੀ ਦੇ ਪਿੜ ਵਿੱਚ ਕੁੱਦਣ ਦਾ ਸਬੱਬ ਕੀ ਬਣਿਆ? ਦੇ ਜਵਾਬ ਵਿੱਚ ਸਿਰ ‘ਤੇ ਕੰਡੇਰਨੇ ਵਾਂਗ ਖੜ੍ਹੇ ਕੀਤੇ ਹੋਏ ਵਾਲ਼ਾਂ ਉੱਪਰ ਫਿਲਮੀ ਅੰਦਾਜ਼ ਵਿੱਚ ਹੱਥ ਫੇਰਦਾ ਹੋਇਆਂ ਗਾਇਕ ਜੀ ਫੁਰਮਾਉਣ ਲੱਗੇ-
“ਦੇਖੋ ਜੀ, ਕਿੱਡੀ ਨਮੋਸ਼ੀ ਦੀ ਗੱਲ ਐ ਕਿ ਅਸੀਂ ਪੰਜਾਬੀ ਆਪਣੀਂ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ। ਗੈਰਾਂ ਦੀਆਂ ਬੋਲੀਆਂ ਬੋਲ ਕੇ ਅਕ੍ਰਿਤਘਣ ਬਣੇ ਹੋਏ ਹਾਂ। ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੈਂ ਪੰਜਾਬੀ ਗਾਇਕੀ ਦਾ ਖੇਤਰ ਚੁਣਿਆਂ। ਮੈਂ ਪੰਜਾਬੀਅਤ ਦਾ ਮੁਦਈ ਹਾਂ- ਆਪਣੀ ਮਾਤ ਭਾਸ਼ਾ ਦੀ ਸੇਵਾ ਲਈ ਪੂਰੀ ਤਰ੍ਹਾਂ ਅਰਪਿਤ ਹੋ ਚੁੱਕਾ ਹਾਂ…… ਸ਼ਿਅਰ ਹੈ –‘ਮਾਂ ਬੋਲੀ ਜੇ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ਼ ਜਾਉਗੇ!” ਇਹ ਸਤਰਾਂ ਸੁਣ ਕੇ ਐਂਕਰ ਦਾ ਸਿਰ ਵੀ ਝੂਮਦਾ ਨਜ਼ਰ ਆਇਆ।
ਪਿਤਾ ਪੁਰਖੀ ਧਰਮ ਤੋਂ ਕਿਨਾਰਾ-ਕਸ਼ੀ ਕਰ ਚੁੱਕੇ, ਪਰ ਪੰਜਾਬੀ ਦੀ ‘ਚਿੰਤਾ’ ਵਿੱਚ ਗ੍ਰਸੇ ਪਏ ਇਸ ਗਾਇਕ ਦੀ ਗਾਇਕੀ ਦੇ ਨਮੂੰਨੇ ਵਜੋਂ, ਜਿਹੜਾ ਵੀਡਿੳੇ ਕਲਿੱਪ ਬਾਅਦ ਵਿੱਚ ਦਿਖਾਇਆ ਗਿਆ, ਉਹਦੇ ਵਿੱਚ ਦੋ-ਅਰਥੇ ਪੰਜਾਬੀ ਸ਼ਬਦਾਂ ਤੋਂ ਇਲਾਵਾ, ਹੋਰ ਕੁੱਝ ਵੀ ਪੰਜਾਬੀਅਤ ਨਾਲ਼ ਮੇਲ਼ ਨਹੀਂ ਸੀ ਖਾਂਦਾ। ਹਾਂ, ਉਸ ਨੂੰ ਬੇ ਹਯਾਈ ਦਾ ਨੰਗਾ ਨਾਚ ਜ਼ਰੂਰ ਕਿਹਾ ਜਾ ਸਕਦਾ ਸੀ।
ਇਹ ਸਾਰਾ ਬ੍ਰਿਤਾਂਤ ਇਸ ਕੱਲੇ ਕਹਿਰੇ ਗਾਇਕ ਦਾ ਹੀ ਨਹੀਂ, ਬਲਕਿ ਥੋੜ੍ਹੇ ਬਹੁਤੇ ਫੇਰ – ਬਦਲ ਨਾਲ਼, ਉਨ੍ਹਾਂ ਬਹੁਤਿਆਂ ਗਾਇਕਾਂ ‘ਤੇ ਢੁਕਦਾ ਹੈ ਜਿਨ੍ਹਾਂ ਦਾ ਸਬੰਧ ਸਿੱਖ ਘਰਾਣਿਆਂ ਨਾਲ਼ ਹੈ ਜਾਂ ਸੀ। ਅਜਿਹੇ ਗਾਇਕ ਭਰਾਵਾਂ ਦੇ ਪਾਸਪੋਰਟਾਂ ਉੱਪਰ ਅੰਕਿਤ ਨਾਵਾਂ ਵਿੱਚ ‘ਸਿੰਘ’ ਸ਼ਬਦ ਦੀ ਮੌਜੂਦਗੀ, ਪਰ ਫੋਟੋਆਂ ਵਿੱਚੋਂ ਗਾਇਬ ਹੋਈਆਂ ਪੱਗਾਂ-ਦਾਹੜੀਆਂ, ਇਹੀ ਇਸ਼ਾਰਾ ਕਰਦੀਆਂ ਪ੍ਰਤੀਤ ਹੁੰਦੀਆਂ ਹਨ ਕਿ ਇਨ੍ਹਾਂ ਨੇ ‘ਸਿੱਖੀ ਸਰੂਪ’ ਤੋਂ ਬੇਮੁਖ ਹੋ ਕੇ, ਬੱਸ, ਪੰਜਾਬੀ ਦੀ ਸੇਵਾ ਦੇ ਨਾਮ ਹੇਠ ਨਾਮਾ ਅਤੇ ਨਾਮ ਕਮਾਉਣ ਦੀ ਘੂਕੀ ਚੜ੍ਹੀ ਹੋਈ ਹੈ। ਕਈਆਂ ਦੀ ਬੱਲੇ ਬੱਲੇ, ਕਈਆਂ ਦੀ ਥੱਲੇ ਥੱਲੇ ਅਤੇ ਬਹੁਤੇ ਕਰਮਾ ਮਾਰੇ ਵਿੱਚ-ਵਿਚਾਲ਼ੇ ਜਿਹੇ ਰੀਂਘੜ-ਫੀਂਘੜ ਕੇ ਆਪਣਾ ਤੀਰ-ਤੁੱਕਾ ਚਲਾਈ ਜਾਂਦੇ ਹਨ।
ਕਵੀਸ਼ਰੀ ਨੁਮਾ ਗਾਇਕੀ ਅਤੇ ਕੁੱਝ ਕੁ ਪੰਜਾਬੀ ਫਿਲਮਾਂ ਬਣਾ ਕੇ ਪ੍ਰਸਿੱਧ ਹੋਏ ਦੋ ਗਾਇਕ ਭਰਾਵਾਂ ਦੀ ਇੱਕ ਵੀਡਿਉ ਕਲਿਪ ਕਿਸੇ ਨੇ ਮੈਨੂੰ ਈ-ਮੇਲ ਰਾਹੀਂ ਭੇਜੀ। ਇਸ ਵਿੱਚ ਛੋਟੇ ਭਰਾ ਨੇ ਸਾਰੰਗੀ ਅਤੇ ਵੱਡੇ ਭਰਾ ਨੇ ਢੱਡ ਫੜੀ ਹੋਈ ਹੈ। ‘ਵਾਰ’ ਗਾਉਣ ਤੋਂ ਪਹਿਲਾਂ ‘ਵੱਡਾ’ ਮੁਸਕੁਰਾਉਂਦਾ ਹੋਇਆ ਦੱਸਦਾ ਹੈ- “ ਪੂਰੇ ਛੱਬੀ ਸਾਲਾਂ ਬਾਅਦ ਅਸੀਂ ਇਸ ਰੂਪ ਵਿੱਚ (ਭਾਵ ਢੱਡ ਸਾਰੰਗੀ ਨਾਲ਼) ਦਰਸ਼ਕਾਂ ਸਾਹਮਣੇ ਆਏ ਹਾਂ…… ਸਕੂਲ ਤੋਂ ਲੈ ਕੇ ਕਾਲਜ ਤੱਕ ਅਸੀਂ ਇਸੇ ਰੂਪ ਵਿੱਚ ਵੱਡੀਆਂ ਵੱਡੀਆਂ ਸਟੇਜਾਂ ‘ਤੇ ਗਾਉਂਦੇ ਰਹੇ ਹਾਂ…ਲਉ ਹੁਣ ਪੇਸ਼ ਹੈ…!”