ਚਮਕੌਰ ਦੀ ਜੰਗ ਅਜੇ ਜਾਰੀ ਹੈ
ਇਤਿਹਾਸ ਕੋਈ ਸਟੇਜੀ ਸ਼ੋਅ ਨਹੀਂ ਹੁੰਦਾ। ਇਤਿਹਾਸ 'ਚ ਡਰਾਮੇ ਵਰਗਾ ਕੁਝ ਵੀ ਨਹੀਂ ਹੁੰਦਾ। ਇਤਿਹਾਸ ਤਾਂ ਕੌਮਾਂ ਵਲੋਂ ਪਿੰਡੇ 'ਤੇ ਹੰਢਾਇਆ ਸੱਚ ਹੁੰਦਾ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਬਾਲਗ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਤਿਹਾਸ ਦਾ ਅਜਿਹਾ ਹੀ ਮੁਕਾਮ ਹੈ, ਜਿਸ ਵਿੱਚ ਦਸਵੇਂ ਪਾਤਸ਼ਾਹ ਨੇ 18 ਅਤੇ 14 ਸਾਲਾਂ ਦੇ ਪੁੱਤਰਾਂ ਨੂੰ ਖੁਦ ਧਰਮ ਯੁੱਧ ਲਈ ਭੇਜ ਕੇ ਇਹ ਦਰਸਾ ਦਿੱਤਾ ਕਿ ਜਰਨੈਲ ਲਈ ਸਿਪਾਹੀ ਦਾ ਰੁੱਤਬਾ ਆਪਣੇ ਪੁੱਤਰਾਂ ਤੋਂ ਛੋਟਾ ਨਹੀਂ ਹੁੰਦਾ। ਭਾਵੇਂ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਪਰ ਸੰਸਾਰ ਦੇ ਹੁਣ ਤੱਕ ਦੇ ਪੂਰੇ ਇਤਿਹਾਸ 'ਚ ਅਜਿਹਾ ਕੋਈ ਬਿਰਤਾਂਤ ਨਹੀਂ ਮਿਲਦਾ। 20 ਦਸੰਬਰ 1704 ਦੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 8 ਮਹੀਨੇ ਦੀ ਘੇਰਾਬੰਦੀ ਪਿੱਛੋਂ ਆਨੰਦਪੁਰ ਸਾਹਿਬ ਦਾ ਕਿੱਲ੍ਹਾ ਛੱਡਿਆ। ਕਿਲ੍ਹਾ ਛੱਡਣ ਦੀ ਦੇਰ ਸੀ। ਮੁਗਲ ਫੋਜਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਦੀ ਮੁਗਲ ਫੌਜ ਨਾਲ ਸਰਸਾ ਨਦੀ 'ਤੇ ਭਿਆਨਕ ਜੰਗ ਹੋਈ। ਗੁਰੂ ਜੀ ਰੋਪੜ ਤੋਂ ਹੁੰਦੇ ਹੋਏ। ਅਗਲੇ ਦਿਨ 40 ਕੁ
ਸਿੰਘਾਂ ਦੇ ਜੱਥੇ ਅਤੇ ਦੋ ਸਪੁੱਤਰਾਂ ਸਮੇਤ ਚਮਕੌਰ ਸਾਹਿਬ ਪੁੱਜੇ। ਦੋ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸਰਸਾ ਵਿਖੇ ਉਹਨਾਂ ਤੋਂ ਵਿਛੜ ਗਏ। ਚਮਕੌਰ ਸਾਹਿਬ 'ਚ ਬੇਸ਼ੁਮਾਰ ਮਾਰੂ ਹਥਿਆਰਾਂ ਨਾਲ ਲੈਸ 10 ਲੱਖ ਤੋਂ ਕਰੀਬ ਮੁਗਲ ਫੌਜ ਨਾਲ ਭੁੱਖੇ ਤਿਹਾਏ ਅਤੇ ਖੁੰਡੇ ਹਥਿਆਰਾਂ ਨਾਲ ਸਿਰਫ ਗਿਣਤੀ ਦੇ 40 ਕੁ ਸਿੰਘਾਂ ਨੇ ਲਗਾਤਾਰ ਤਿੰਨ ਦਿਨ ਸੰਸਾਰ ਦੀ ਅਤਿਅੰਤ ਅਨੋਖੀ ਲੜਾਈ ਲੜੀ। ਫੌਜੀ ਸਮਰਥਾ 'ਚ ਇੰਨੇ ਅਸਾਵੇਪਣ ਦੇ ਬਾਵਜੂਦ ਕਿਸੇ ਵੀ ਸਿੰਘ ਨੇ ਹੌਂਸਲਾ ਨਹੀਂ ਹਾਰਿਆ ਅਤੇ ਆਖਰੀ ਸਾਹ ਤੱਕ ਲੜਕੇ ਸ਼ਹੀਦੀ ਪਾਈ। ਜੰਗ 'ਚ ਮੁਗਲ ਫੌਜ ਦੇ ਤਿੰਨ ਜਰਨੈਲਾਂ 'ਚੋਂ ਦੋ ਨਾਹਰ ਖਾਨ ਅਤੇ ਗੈਰਤ ਖਾਨ ਮਾਰੇ ਗਏ। ਪੰਜ-ਪੰਜ ਦੇ ਜੱਥੇ ਬਣਾ ਕੇ ਸਿੰਘ ਜਾਨ ਹੂਲਵੀ ਜੰਗ ਪਿੱਛੋਂ ਸ਼ਹਾਦਤ ਪਾ ਦਿੰਦੇ। ਗੁਰੂ ਜੀ ਨੇ 18 ਸਾਲਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਖੁਦ ਜੂਝਣ ਲਈ ਭੇਜਿਆ ਅਤੇ ਜੰਗ ਲੜਦਿਆਂ, ਸ਼ਹੀਦੀ ਪਾਉਂਦਿਆਂ ਅੱਖੀਂ ਵੇਖਿਆਂ। ਵੱਡੇ ਭਰਾ ਦੀ ਸ਼ਹੀਦੀ ਉਪਰੰਤ ਜਦੋਂ 14 ਸਾਲਾਂ ਦੇ ਸਾਹਿਬਜ਼ਾਦਾ ਬਾਬਾ ਜੁਝਾਰੂ ਸਿੰਘ ਜੀ ਨੇ ਜੰਗ 'ਚ ਕੁੱਦਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਖਿੜੇ ਮੱਥੇ ਸ਼ਹਾਦਤ ਦਾ ਚਾਅ ਪੂਰਾ ਕਰਨ ਦੀ ਇਜਾਜ਼ਤ ਦੇ ਦਿੱਤੀ। ਇਹ ਸ਼ਹਾਦਤ 22 ਦਸੰਬਰ 1704 ਨੂੰ ਲੌਢੇ ਵੇਲੇ ਹੋਈ। ਚਮਕੌਰ ਸਾਹਿਬ ਦੇ ਯੁੱਧ ਦੀ ਇਹ ਸੰਖੇਪ ਕਥਾ ਇਸ ਯੁੱਧ ਦੇ ਮਹੱਤਵ ਦਾ ਵਰਣਨ ਨਹੀਂ ਕਰਦੀ। ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲ ਸਲਤਨਤ ਖਿਲਾਫ ਲੜਾਈ ਸਰਹੱਦੀ ਝਗੜਾ ਨਹੀਂ ਸੀ। ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕੇ ਗੁਰੂ ਜੀ ਨੇ ਇਸ ਗੱਲ ਨੂੰ ਦ੍ਰਿੜ ਕਰਾਇਆ ਕਿ ਜ਼ੁਲਮ ਅਤੇ ਨਿਆਂ ਵਿਰੁੱਧ ਜੰਗ ਵੇਲੇ ਆਪਣੇ ਪੁੱਤਰਾਂ ਤੱਕ ਦੀ ਸ਼ਹਾਦਤ ਦਿੱਤੀ ਜਾ ਸਕਦੀ ਹੈ। ਮੁਗਲਾਂ ਨੇ ਗੁਰੂ ਘਰ ਵਿਰੁੱਧ ਲੜਾਈ ਨੂੰ ਅੱਜ ਦੇ ਹੁਕਮਰਾਨਾਂ ਵਾਂਗ ਹੀ ਦੀਨੀ ਯੁੱਧ ਦਾ ਨਾਂ ਦਿੱਤਾ ਸੀ। ਉਹਨਾਂ ਇਹ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਘਰ ਦਾ ਮਿਸ਼ਨ ਪਰਜ਼ਾ ਅਤੇ ਧਰਮ ਵਿਰੋਧੀ ਹੈ ਇਸ ਲਈ ਗੁਰੂ ਘਰ ਖਿਲਾਫ ਲੜਾਈ ਸਮਰਾਟ ਅਤੇ ਪਰਜ਼ਾ ਦੀ ਸਾਂਝੀ ਲੜਾਈ ਹੈ। ਪਰੰਤੂ ਉਹ ਇਸ ਵਿੱਚ ਸੱਫਲ ਨਹੀਂ ਹੋਏ। ਮੌਜੂਦਾ ਹੁਕਮਰਾਨਾਂ ਵਾਂਗ ਮੁਗਲਾਂ ਨੂੰ ਵੀ ਭਰਮ ਸੀ ਕਿ ਸਿੰਘ ਮੁੱਠੀ ਭਰ ਲੋਕ ਹਨ, ਹਥਿਆਰਾਂ ਅਤੇ ਫੌਜਾਂ ਦੇ ਜ਼ੋਰ 'ਤੇ ਉਹ ਇਹ ਲੜਾਈ ਜਿੱਤ ਲੈਣਗੇ। ਪਰੰਤੂ ਸਿੰਘਾਂ ਦੇ ਹੌਸਲੇ, ਗੁਰੂ ਦੀ ਕਿਰਪਾ, ਲੜਾਈ ਦੇ ਵਡੇਰੇ ਅਤੇ ਧਰਮੀ ਸੱਚ ਨੇ ਉਨ੍ਹਾਂ ਦਾ ਇਹ ਭਰਮ ਤੋੜ ਦਿੱਤਾ। ਇਹ ਭਰਮ ਅੱਜ ਦੇ ਹੁਕਮਰਾਨਾਂ ਦਾ ਛੇਤੀ ਹੀ ਟੁੱਟ ਜਾਵੇਗਾ। ਚਮਕੌਰ ਸਾਹਿਬ ਦੀ ਲੜਾਈ ਅਜੇ ਮੁੱਕੀ ਨਹੀਂ। ਚਮਕੌਰ ਸਾਹਿਬ ਦੀ ਲੜਾਈ ਦਾ ਮਕੱਸਦ ਅਜੇ ਵੀ ਕਾਇਮ ਹੈ। ਗੁਰੂ ਸਾਹਿਬ ਦੇ ਪੁੱਤਰਾਂ ਲਈ ਅਜੇ ਵੀ ਜੂਝਣ ਲਈ ਇੱਕ ਮੈਦਾਨ ਹੈ। ਚਮਕੌਰ ਸਾਹਿਬ ਦੀ ਜੰਗ ਤਾਂ ਅਜੇ ਵੀ ਲੜੀ ਜਾ ਰਹੀ ਹੈ। ਗੁਰੂ ਘਰ ਇਹ ਜੰਗ ਵੀ ਜ਼ਰੂਰ ਜਿੱਤੇਗਾ।
No comments:
Post a Comment