ਅਜ ਬਹੁਤੇ ਸਿੱਖ ਇਸ ਤਿਉਹਾਰ ਤੇ ਬਹੁਤ ਰੀਝੇ ਹੋਏ ਨਜ਼ਰ ਆਉੰਦੇ ਹਨ। ਉਹ ਕਹਿੰਦੇ ਹਨ ਇਹ ਸਾਡੇ ਕਾਕੇ ਦੀ ਪਹਿਲੀ ਲੋਹੜੀ ਹੈ। ਏਹ ਤਿਉਹਾਰ ਸਿਰਫ ਲੜਕੇ ਦੇ ਜਨਮ ਤੇ ਹੀ ਮਨਾਇਆ ਜਾਂਦਾ ਹੈ, ਲੜਕੀ ਦੇ ਜਨਮ ਤੇ ਨਹੀਂ। ਗੁਰਮਤਿ ਇਸ ਗਲ ਨੂੰ ਪਰਵਾਨ ਨਹੀਂ ਕਰਦੀ, ਗੁਰਮਤਿ ਅਨੁਸਾਰ ਮੁੰਡੇ, ਕੁੜੀ ਵਿਚ ਕੋਈ ਫਰਕ ਨਹੀਂ। ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿਚ ਲਿਖਦੇ ਹਨ “ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ॥” (ਪੰਨਾ 473) ਸਿੱਖੀ ਵਿਚ ਮੁੰਡੇ, ਕੁੜੀ 'ਚ ਕੋਈ ਫਰਕ ਨਹੀਂ ਰਖਿਆ ਗਿਆ। ਸੋ ਸਿੱਖਾਂ ਨੂੰ ਏਹ ਲੋਹੜੀ ਦਾ ਤਿਉਹਾਰ ਨਹੀਂ ਮਨਾਉਣ ਚਾਹੀਦਾ।
ਗੁਰਦੁਆਰੇ ਦਾ ਅਰਥ ਹੈ ਗੁਰੂ ਦਾ ਦਵਾਰਾ, ਜਿਥੇ ਅਸੀਂ ਗੁਰਮਤਿ ਸਿੱਖਣ ਜਾਂਦੇ ਹਾਂ। ਸੋ ਗੁਰਦੁਆਰੇ ਤਾਂ ਏਹੋ ਜਿਹਾ ਤਿਉਹਾਰ ਜੇਹੜਾ ਗੁਰਮਤਿ ਵਿਰੋਧੀ ਹੋਵੈ ਬਿਲਕੁਲ ਨਹੀਂ ਮਨਾਉਣਾ ਚਾਹੀਦਾ। ਲੋਹੜੀ ਦਾ ਤਿਉਹਾਰ ਮੂਲ ਰੂਪ ਵਿਚ ਯੱਗਾਂ ਦੇ ਅਰੰਭ ਦਾ ਸੂਚਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਅਗਨੀ ਨੂੰ ਸਾਰੇ ਦੇਵੀ-ਦੇਵਤਿਆਂ ਦੀ ਜੀਭ ਮੰਨਿਆ ਗਿਆ ਹੈ। ਹਰੇਕ ਯੱਗ ਅਗਨੀ ਰਾਹੀਂ ਹੀ ਅਰੰਭ ਹੁੰਦਾ ਹੈ। ਇਥੇ ਅੱਗ ਬਾਲ ਕੇ ਉਸ ਵਿਚ ਰਿਉੜੀਆਂ, ਚਿੜਵੜੇ, ਮੂੰਗਫਲੀ ਆਦਿ ਦੇ ਰੂਪ ਵਿਚ ਅੰਨ ਦੀ ਆਹੂਤੀ ਦਿੱਤੀ ਜਾਂਦੀ ਹੈ ਅਤੇ ਫਿਰ ਉਨ੍ਹਾਂ ਵਸਤਾਂ ਦਾ ਪ੍ਰਸ਼ਾਦਿ ਵੰਡਿਆ ਜਾਂਦਾ ਹੈ। ਇਹ ਸਾਰਾ ਕੁਝ ਗੁਰਮਤਿ ਵਿਰੋਧੀ ਹੈ। ਅਕਾਲ ਪੁਰਖੁ ਦੀ ਪੂਜਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਕਰਨੀ ਗੁਰਮਤਿ ਵਿਚ ਨਹੀਂ ਹੈ, ਕਿਸੇ ਹੋਰ ਧਰਮ ਵਿਚ ਹੋਵੇਗੀ।
No comments:
Post a Comment