Total Pageviews

Monday, January 9, 2012

ਜਿਤੁ ਪੀਤੈ ਮਤਿ ਦੂਰਿ ਹੋਇ

ਸੰਸਾਰੀ ਜੀਵ ਅਗਿਆਨਤਾ ਵਸ ਹੋ ਕੇ ਆਪਣੀ ਧਾਰਮਿਕ, ਸਮਾਜਿਕ ਤੇ ਆਰਥਿਕ ਹਾਲਤ ਦਾ ਨਾਸ਼ ਕਰਨ ਤੇ ਤੁਲ ਚੁੱਕਾ ਹੈ । ਵਿਸ਼ਵ ਵਿਗਿਆਨੀਆਂ ਦੀ ਰਾਏ ਅਨੁਸਾਰ ਸੰਸਾਰ ਦੇ ਵੱਡੇ-ਵੱਡੇ ਦੇਸ਼ ਜੋ ਉਨਤੀ ਦੀਆਂ ਸਿਖਰਾਂ ਨੂੰ ਛੋਹ ਰਹੇ ਹਨ, ਇਕ ਨਾ ਇਕ ਦਿਨ ਸਰਬਨਾਸ਼ ਹੋ ਜਾਣਗੇ ਜੇ ਨਸ਼ੇ ਦੀ ਵਧ ਰਹੀ ਵਰਤੋਂ ਨੂੰ ਠੱਲ੍ਹ ਨਾ ਪਾਈ ਗਈ ।
ਸਮਾਜ ਵਲ ਗਹੁ ਨਾਲ ਵੇਖੋ, ਅੱਜ ਪਰਿਵਾਰਾਂ ਦੇ ਪਰਿਵਾਰ ਨਸ਼ੇ ਦੀ ਮਾਰ ਹੇਠਾਂ ਰੁੜਦੇ ਆ ਰਹੇ ਹਨ । ਕਈ ਵਾਰ ਹੈਰਾਨ ਹੋ ਜਾਈਦਾ ਹੈ ਕਿ ਮਾਤਾ ਪਿਤਾ ਵੀ ਆਪਣੀਆਂ ਨੋਜੁਆਨ ਦੇਵੀ ਰੂਪ ਲੜਕੀਆਂ ਨੂੰ ਸ਼ਰਾਬੀਆਂ ਦੇ ਹੱਥ ਦੇਣ ਤੋਂ ਗੁਰੇਜ਼ ਨਹੀਂ ਕਰਦੇ । ਉਹ ਇਸ ਭੁੱਲ ਵਿਚ ਹਨ ਕਿ ਲੜਕੀ ਦੀ ਸਿਆਣਪ ਸ਼ਰਾਬੀ ਨੂੰ ਸ਼ਰਾਬ ਪੀਣ ਤੋਂ ਰੋਕ ਸਕੇਗੀ। ਐਸੀਆਂ ਅਨੇਕਾਂ ਘਟਨਾਵਾਂ ਪੜਨ ਸੁਣਨ ਵਿਚ ਆਉਂਦੀਆਂ ਹਨ ਕਿ ਸ਼ਰਾਬ ਕਾਰਨ ਪਰਿਵਾਰਾਂ ਦੇ ਕਤਲ ਹੋ ਰਹੇ ਹਨ । ਨੌਜੁਆਨ ਦੇਵੀ ਰੂਪ ਲੜਕੀਆਂ ਦੀਆਂ ਜ਼ਿੰਦਗੀਆਂ ਦੁੱਖਾਂ ਤੇ ਮੁਸੀਬਤਾਂ ਦੇ ਘੇਰੇ ਵਿੱਚ ਜਲੀਲ ਹੋ ਕੇ ਤਬਾਹ ਹੋ ਰਹੀਆਂ ਹਨ । ਇਹ ਗੱਲ ਪੱਕੀ ਯਕੀਨਨ ਬਨਾਉਣੀ ਪਵੇਗੀ, ਸ਼ਰਾਬੀ ਸਿਆਣਪ, ਸ਼ਰਮ, ਧਰਮ, ਕਰਮ ਆਦਿ ਦੀ ਕਦਰ ਨਹੀਂ ਜਾਣ ਸਕਦਾ । ਸਿੱਖ ਧਰਮ ਦੀ ਪੜਚੋਲ ਕਰੀਏ ਤਾਂ ਸਿੱਖੀ ਤੇ ਸ਼ਰਾਬੀ ਦਾ ਦੂਰ ਦਾ ਵੀ ਮੇਲ ਨਹੀਂ, ਸਿੱਖੀ ਅਤੇ ਸ਼ਰਾਬੀ ਦਾ ਰਿਸ਼ਤਾ ਇਉਂ ਹੈ, ਜਿਵੇਂ 'ਪਾਰਾ ਤੇ ਪਾਣੀ' । ਕਦੇ ਵੀ ਪਾਰਾ ਅਤੇ ਪਾਣੀ ਇਕ ਨਹੀਂ ਹੋ ਸਕਦੇ, ਗਲ ਸਿਰਫ ਏਨੀ ਹੈ ਕਿ ਸ਼ਰਾਬੀ ਸਿੱਖ ਅਖਵਾ ਸਕਦਾ ਹੈ ਪਰ ਸਿੱਖ ਬਣ ਨਹੀਂ ਸਕਦਾ, ਜਦੋਂ ਤਕ ਸ਼ਰਾਬ ਛੱਡ ਨਹੀਂ ਦੇਂਦਾ ।
ਸਿੱਖ ਬਣਨਾ ਬਹੁਤ ਔਖਾ ਹੈ ਪਰ ਸਿੱਖ ਅਖਵਾਉਣਾ ਬਹੁਤ ਸੌਖਾ ਹੈ । ਸਿੱਖ ਬਣਨ ਲਈ ਹਿਤੋਂ ਚਿਤੋਂ ਗੁਰੂ ਦੇ ਹੁਕਮਾਂ ਨੂੰ ਮੰਨਣਾ ਪੈˆਦਾ ਹੈ ਸੰਸਾਰ ਵਿਚ ਵੈਰ, ਗੁੱਸਾ, ਈਰਖਾ, ਨਫਰਤ ਅਤੇ ਲੜਾਈਆਂ ਆਦਿ ਦਾ ਨਿੱਤ ਵਾਧਾ ਹੋ ਰਿਹਾ ਹੈ । ਇਸ ਦਾ ਮੂਲ਼ ਕਾਰਨ ਸ਼ਰਾਬ ਹੀ ਹੈ । ਮੇਰੀ ਰਾਏ ਅਨੁਸਾਰ ਜੇ ਇਸੇ ਗਤੀ ਨਾਲ ਸ਼ਰਾਬ ਦੀ ਵਰਤੋਂ ਹੁੰਦੀ ਰਹੀ ਤਾਂ ਇਕ ਵਾਰ ਫਿਰ ਸੰਸਾਰ ਦੈˆਤਾਂ ਦੀ ਦੁਨੀਆਂ ਦਾ ਕੇਂਦਰ ਬਣ ਜਾਵੇਗਾ ਕਿਉਂਕਿ ਇਨਸਾਨੀਅਤਾ ਦੀ ਪਹਿਚਾਨ ਆਪਣੇ ਉਚੇ ਸੁਚੇ ਜੀਵਨ ਕਾਰਨ ਹੁੰਦੀ ਹੈ ।
ਕਈ ਵਾਰ ਅਗਿਆਨੀ ਜੀਵ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਕਦੇ ਕਦੇ ਘੁੱਟ ਲਗਾਉਂਦੇ ਹਾਂ । ਇਸ ਦਾ ਭਾਵ ਇਹੋ ਹੋਇਆ ਹੈ ਕਿ ਧਰਮ ਸਾਨੂੰ ਕਦੇ-ਕਦੇ ਘੁਟ ਲਗਾਉਣ ਦੀ ਖੁੱਲ੍ਹ ਦੇਂਦਾ ਹੈ । ਇਹ ਪ੍ਰਤੱਖ ਤੌਰ ਤੇ ਗੁਰੂ ਸਾਹਿਬਾਨਾਂ ਨਾਲ ਮਜ਼ਾਕ ਨਹੀਂ ਤਾਂ ਕੀ ਹੈ? ਸਵਾਲ ਤਾਂ ਗੁਰੂ ਦੇ ਹੁਕਮ ਨੂੰ ਮੰਨ ਲੈਣਾ ਅਤੇ ਕਦੇ ਨਾ ਮੰਨਣਾ, ਇਹ ਗੁਰੂ ਦੀ ਕ੍ਰਿਪਾ ਦੇ ਪਾਤਰ ਬਣਨ ਵਾਲੀ ਅਵਸਥਾ ਨਹੀਂ ਹੈ ।
ਸਿੱਖ ਧਰਮ ਦੇ ਜਨਮ ਦਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ :
ਜਿਤੁ ਪੀਤੈ ਮਤਿ ਦੂਰ ਹੋਇ, ਬਰਲ ਪਵੈ ਵਿਚਿ ਆਇ । ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ । ਜਿਤੁ ਪੀਤੈ ਖਸਮ ਵਿਸਰੈ, ਦਰਗਹਿ ਮਿਲੈ ਸਜਾਇ । ਝੂਠਾ ਮਦੁ ਮੂਲਿ ਨ ਪੀਚਈ, ਜੇ ਕਾ ਪਾਰਿ ਵਸਾਇ ।
ਸ਼ਰਾਬ ਬਾਰੇ ਗੁਰੂ ਸਾਹਿਬ ਦਾ ਫੈਸਲਾ ਹੈ ਕਿ ਇਸ ਨੂੰ ਪੀਣ ਨਾਲ ਬੰਦੇ ਦੀ ਮੱਤ ਮਾਰੀ ਜਾਂਦੀ ਹੈ, ਮਨੁੱਖ ਅੰਦਰ, ਪਸ਼ੂ ਬਿਰਤੀ ਦਾ ਨਿਵਾਸ ਹੋ ਜਾਂਦਾ ਹੈ, ਪਾਗਲਪਨ ਵਾਲੀ ਅਵਸਥਾ ਬਣ ਜਾਂਦੀ ਹੈ, ਉਸਨੂੰ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ , ਐਸੀ ਹਾਲਤ ਵਿੱਚ ਜੀਵ ਨੂੰ ਪ੍ਰਭੂ ਦੇ ਦਰ ਤੋਂ ਧੱਕੇ ਖਾਣੇ ਪੈˆਦੇ ਹਨ। ਇਸ ਦੀ ਵਰਤੋਂ ਨਾਲ ਮਾਲਕ ਪ੍ਰਭੂ ਨੂੰ ਭੁਲ ਜਾਂਦਾ ਹੈ ਅਤੇ ਪ੍ਰਭੂ ਦੀ ਦਰਗਾਹ ਵਿਚ ਸਜ਼ਾ ਮਿਲਦੀ ਹੈ । ਇਸ ਲਈ ਅਜਿਹੀ ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਸੁਚੱਜਾ ਤੇ ਅਨੰਦਮਈ ਜੀਵਨ ਜੀਅ ਰਹੇ ਜੀਵ ਲਈ ਸ਼ਰਾਬ ਦੀ ਵਰਤੋਂ ਤਾਂ ਇਉਂ ਹੈ ਜਿਵੇਂ ਘਿਓ ਵਿਚ ਅੱਗ ਛੱਡਣਾ । ਸਿੱਖ ਮੱਤ ਦਾ ਮੂਲ ਹੀ ਨਸ਼ੇ ਦਾ ਤਿਆਗ ਤੇ ਗੁਰੂ ਹੁਕਮਾਂ ਨੂੰ ਮੰਨਣਾ ਹੈ । ਭਗਤ ਰਵਿਦਾਸ ਜੀ ਜਿਨ੍ਹਾਂ ਦੀ ਪਾਵਨ ਬਾਣੀ ਆਦਿ ਗ੍ਰੰਥ ਵਿਚ ਦਰਜ਼ ਹੈ ਸ਼ਰਾਬ ਦੀ ਵਰਤੋਂ ਸਬੰਧੀ ਦਸਦੇ ਹਨ ਕਿ ਜੇਕਰ ਗੰਗਾ ਵਰਗੇ ਪਵਿੱਤਰ ਜਲ ਤੋਂ ਹੀ ਸ਼ਰਾਬ ਕਿਉਂ ਨਾ ਬਣਾਈ ਜਾਵੇ ਤਾਂ ਵੀ ਪੀਣ ਯੋਗ ਨਹੀਂ ਫੁਰਮਾਨ ਹੈ :
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ, ਸੰਤ ਜਨ ਕਰਤ ਨਹੀਂ ਪਾਨੰ । ਸੁਰਾ ਅਪਵਿਤ੍ਰ ਨਤ, ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਇ ਆਨੰ।
ਸ਼ਰਾਬ ਦੀ ਵਰਤੋਂ ਕਰਨ ਨਾਲ ਕਈ ਕਿਸਮ ਦੇ ਮਾਨਸਿਕ ਅਤੇ ਸਰੀਰਕ ਰੋਗ ਲੱਗ ਜਾਂਦੇ ਹਨ । ਗੁਰੂ ਨਾਨਕ ਦੇਵ ਜੀ ਦਾ ਕਥਨ ਹੈ :
ਇਤੁ ਮਦੁ ਪੀਤੈ ਨਾਨਕਾ, ਬਹੁਤੇ ਖਟੀਅਹਿ ਬਿਕਾਰ ।।
ਭਾਈ ਦੇਸਾ ਸਿੰਘ ਜੀ ਜੋ ਗੁਰੂ ਸਾਹਿਬਾਨ ਨਾਲ ਨੇੜਤ ਰੱਖਦੇ ਸਨ, 'ਰਹਿਤਨਾਮੇ' ਵਿਚ ਸ਼ਰਾਬ ਸਬੰਧੀ ਲਿਖਦੇ ਹਨ :
ਪਰ ਨਾਰੀ, ਜੂਆ, ਅਸਤ, ਚੋਰੀ ਮਦਰਾ ਜਾਨ ।। ਪਾਂਚ ਐਬ ਯਿਹ ਜਗਤ ਮੇਂ, ਤਜੈ ਸੁ ਸਿੰਘ ਸੁਜਾਨ ।।
ਭਾਈ ਨੰਦ ਲਾਲ ਸਿੰਘ ਜੀ ਜੋ ਗੁਰੂ ਜੀ ਦੇ ਨਜ਼ਦੀਕੀ ਸਿੱਖ ਸਨ, ਉਹਨਾਂ ਅਨੁਸਾਰ ਸ਼ਰਾਬ ਦੀ ਇੱਛਾ ਰੱਖਣ ਵਾਲਾ ਸਿੱਖ ਨਹੀਂ ਹੋ ਸਕਦਾ ।
ਗੋਯਾ ਨਿਗਾਹੇ ਯਾਰ ਕਿ, ਮਸੂਰ ਗਸ਼ਤਏਮ ।। ਕਿ ਖਾਹਸ਼ੇ ਮਯ ਰੰਗੀਨ, ਪੁਰ ਅਸਗਰਮੇ ਕੁਨੇਮ ।।
ਭਾਵ ਪਿਆਰੇ ਪ੍ਰਭੂ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਅਸੀ ਐਸੇ ਮਸਤ ਹੋ ਗਏ ਹਾਂ ਕਿ ਰੰਗੀਨ ਅਤੇ ਗੁਪਤ ਵਿਕਾਰਾਂ ਨਾਲ ਭਰੀ ਸ਼ਰਾਬ ਦੀ ਸਾਨੂੰ ਕੋਈ ਇੱਛਾ ਨਹੀਂ ਰਹੀ ।
ਸ਼ਰਾਬ ਸਬੰਧੀ ਵੱਖ-ਵੱਖ ਵਿਦਵਾਨਾਂ ਨੇ ਆਪਣੀ ਰਾਏ ਦਿੱਤੀ ਹੈ :
ਮਹਾਰਣੀ ਵਿਕਟੋਰੀਆ ਅਨੁਸਾਰ ਸ਼ਰਾਬ ਮੌਤ ਦਾ ਰੂਪ ਹੈ । ਇਕ ਵਿਦਵਾਨ ਦਾ ਕਥਨ ਹੈ, ਜੇ ਸੰਸਾਰ ਲੋਕੀਂ ਸ਼ਰਾਬ ਨੂੰ ਤਿਆਗ ਦੇਣ ਫਿਰ ਹਕੀਮਾਂ-ਡਾਕਟਰਾਂ ਦੀ ਕਦੀ ਲੋੜ ਹੀ ਨਾ ਪਵੇ ਕਿਉਂਕਿ ਸ਼ਰਾਬ ਕੋਈ ਖਾਣ ਪੀਣ ਦੀ ਚੀਜ਼ ਨਹੀਂ ਹੈ। ਸੰਸਾਰ ਦੀ ਪ੍ਰਸਿੱਧ ਧਾਰਮਿਕ ਸ਼ਖਸੀਅਤ ਡਾ. ਮਿਗਲਾਰਨ ਦਾ ਕਥਨ ਹੈ: ਜਿਹੜੀ ਘੜੀ ਸ਼ਰਾਬ ਦੀ ਖ੍ਰੀਦਾ-ਖ੍ਰਾਦੀ ਵਿਚ ਰੁਕਦੀ ਹੈ ਉਹ ਘੜੀ ਲੋਕ- ਪ੍ਰਲੋਕ ਦੀ ਹੋਸ਼ ਵਾਲੀ ਹੁੰਦੀ ਹੈ । ਇਕ ਵਾਰ ਡਾਕਟਰ ਚਾਰਲਰ ਸਮਿਥ ਸਾਹਿਬ ਨੂੰ ਸ਼ਰਾਬੀਆਂ ਦੀ ਮਜਲਸ਼ ਨੇ ਘੇਰੇ ਵਿਚ ਲੈ ਲਿਆ ਤੇ ਸ਼ਰਾਬ ਪੀਣ ਦੀ ਪੇਸ਼ਕਸ਼ ਕੀਤੀ । ਡਾਕਟਰ ਸਾਹਿਬ ਨੇ ਜਵਾਬ ਦਿੱਤਾ, ਮੈˆ ਮੌਤ ਨੂੰ ਬੜੀ ਪ੍ਰਸੰਨਤਾ ਨਾਲ ਮਨਜ਼ੂਰ ਕਰਾਂਗਾ ਪਰ ਸ਼ਰਾਬ ਬਿਲਕੁਲ ਨਹੀਂ ਪੀਵਾਂਗਾ । ਡਾ. ਚਾਰਲਰ ਦੀ ਗੱਲ ਬਿਲਕੁਲ ਦਰੁਸਤ ਹੈ ਕਿ ਸ਼ਰਾਬ ਦੀ ਵਰਤੋਂ ਨਾਲ ਜੀਵ ਮੌਤ ਦੇ ਨੇੜੇ ਨੇੜੇ ਪਹੁੰਚਦਾ ਹੈ, ਇਸ ਨਾਲੋਂ ਤਾਂ ਪਾਣੀ ਹੀ ਹਜ਼ਾਰ ਦਰਜੇ ਸਿਹਤ ਲਈ ਚੰਗਾ ਹੈ । ਅੱਜ ਹਸਪਤਾਲਾਂ ਵਿਚ 70 ਪ੍ਰਤੀਸ਼ਤ ਰੋਗੀ ਸ਼ਰਾਬ ਪੀਣ ਵਿਚ ਕਿਸੇ ਨਾ ਕਿਸੇ ਸਰੀਰਕ ਜਾਂ ਮਾਨਸਿਕ ਰੋਗ ਦਾ ਸ਼ਿਕਾਰ ਹਨ ਪਰ ਫਿਰ ਵੀ ਸਰਕਾਰ ਸ਼ਰਾਬ ਪੀਣ ਤੋਂ ਕਿਉਂ ਨਹੀਂ ਰੋਕਦੀ । ਅੱਜ ਵੱਸਦੇ ਘਰ ਤਬਾਹੀ ਵੱਲ ਵੱਧ ਰਹੇ ਹਨ, ਨੌਜੁਆਨ ਜੋ ਦੇਸ਼ ਦਾ ਅਣਮੁੱਲਾ ਧਨ ਹਨ, ਬਰਬਾਦੀ ਵੱਲ ਵੱਧ ਰਹੇ ਹਨ । ਸਕੂਲਾਂ, ਕਾਲਜਾਂ ਵਿਚ ਸ਼ਰਾਬ ਦੀ ਵਰਤੋਂ ਦਾ ਰਿਵਾਜ ਵੱਧਦਾ ਜਾ ਰਿਹਾ ਹੈ, ਅਧਿਆਪਕ ਤੇ ਪ੍ਰੋਫੈਸਰ ਜਿੰਨਾਂ ਨੇ ਬੱਚਿਆਂ ਨੂੰ ਸੁਚੱਜੀ ਜੀਵਨ ਜਾਚ ਦਰਸਾਉਣੀ ਹੈ, ਸ਼ਰਾਬ ' ਮਸਤ ਹਨ । ਡਾਕਟਰ ਜਿਹਨਾਂ ਲੋਕਾਂ ਨੂੰ ਨਿਰੋਈ ਸਿਹਤ ਪ੍ਰਦਾਨ ਕਰਨੀ ਹੈ, ਸ਼ਰਾਬ ਦੀ ਮਸਤੀ ਵਿਚ ਆਪ ਹੀ ਮਾਨਸਿਕ ਤੇ ਸਰੀਰਕ ਗਿਰਾਵਟਾਂ ਵਲ ਵੱਧ ਰਹੇ ਹਨ। ਜੱਜ ਤੇ ਪੁਲਿਸ ਅਧਿਕਾਰੀ ਜਿਹਨਾਂ ਨੇ ਇਨਸਾਫ ਦਿਵਾਉਣਾ ਹੈ, ਉਹ ਵੀ ਸ਼ਰਾਬ ਵਿਚ ਡੁਬੇ ਪਏ ਹਨ । ਫੌਜ ਜਿਸ ਨੇ ਬਾਹਰੀ ਹਮਲੇ ਤੋਂ ਦੇਸ਼ ਨੂੰ ਸੁਰੱਖਿਅਤ ਰੱਖਣਾ ਹੈ ਖੁਦ ਆਪਣੇ ਸਰੀਰ ਨੂੰ ਇਸ ਸ਼ਰਾਬ ਦੇ ਹਮਲੇ ਤੋਂ ਸੁਰੱਖਿਅਤ ਨਹੀਂ ਰੱਖ ਸਕੇ।
ਸਾਰੀ ਵਿਚਾਰ ਤੋਂ ਬਾਅਦ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਸ਼ਰਾਬ ਵਰਗੀ ਸਮਾਜਿਕ ਬੁਰਾਈ ਨੂੰ ਜੜੋਂ' ਉਖੇੜਨ ਲਈ ਹਰ ਪ੍ਰਾਣੀ ਦਾ ਆਪਣਾ ਫਰਜ਼ ਬਣ ਜਾਂਦਾ ਹੈ ਕਿ ਸ਼ਰਾਬੀ ਨਾਲ ਸਮਾਜਿਕ ਬਾਈਕਾਟ ਕਰੋ। ਸਰਕਾਰ ਇਸ ਵੱਧ ਰਹੀ ਬੀਮਾਰੀ ਦੇ ਇਲਾਜ ਲਈ ਕਾਨੂੰਨੀ ਤੌਰ ਤੇ ਇਸ ਦੀ ਵਰਤੋਂ 'ਤੇ ਪਾਬੰਦੀ ਲਗਾਵੇ ਤਾਂ ਜੋ ਭਾਰਤ ਵਰਗੀ ਮਹਾਨ ਪਵਿੱਤਰ ਧਰਤੀ ਜਿਸਨੂੰ ਰਿਸ਼ੀਆਂ, ਅਵਤਾਰਾਂ, ਗੁਰੂਆਂ ਤੇ ਪੈਗੰਬਰਾਂ ਦੀ ਚਰਨ ਛੂਹ ਪ੍ਰਾਪਤ ਹੈ ਦੀ ਪਵਿੱਤਰਤਾ ਹਮੇਸ਼ਾਂ ਕਾਇਮ ਰਹਿ ਸਕੇ । ਅਸੀਂ ਆਰਥਿਕ, ਸਮਾਜਿਕ ਤੇ ਧਾਰਮਿਕ ਪੱਖੋਂ ਖੁਸ਼ਹਾਲ ਹੋ ਕੇ ਸਮਾਜ ਵਿੱਚ ਸੁਚੱਜਾ ਜੀਵਨ ਜੀਅ ਸਕੀਏ ਅਤੇ ਸ਼ਰਾਬ ਵਰਗੀ ਭੈੜੀ ਲਾਹਨਤ ਤੋਂ ਆਪ ਬਚ ਕੇ ਹੋਰਨਾਂ ਨੂੰ ਇਸ ਦੀ ਅਸਲੀਅਤ ਸਮਝਾ ਕੇ ਮਨੁੱਖਤਾ ਦੇ ਸੱਚੇ ਸੇਵਕ ਅਖਵਾਈਏ ।

No comments: