Total Pageviews

Tuesday, March 6, 2012

ਗੁਰੂ ਨਾਨਕ ਸਾਹਿਬ ਮਹਾਂਕਾਲ ਦੇ ਮੰਦਰ ਵਿੱਚ


ਗੁਰੂ ਨਾਨਕ ਸਾਹਿਬ ਮਹਾਂਕਾਲ ਦੇ ਮੰਦਰ ਵਿੱਚ
ਤਵਾਰੀਖ਼ ਗੁਰੂਖ਼ਾਲਸਾ` ਵਿੱਚ ਜ਼ਿਕਰ ਹੈ ਕਿ 28 ਹਾੜ ਸੰਮਤ 1568 ਬਿਕ੍ਰਮੀ ਮੁਤਾਬਿਕ 1511 ਈ: ਨੂੰਅਕਾਲ-ਮੂਰਤਿ` ਦੇ ਪ੍ਰਚਾਰਕ ਗੁਰੂ ਨਾਨਕ ਸਾਹਿਬ, ਰਾਜਾ ਭਰਥਰੀ (ਜੋਗੀ) ਅਤੇ ਰਾਜਾ ਬਿਕ੍ਰਮਾਜੀਤ ਦੀ ਨਗਰੀ ਉਜੈਨ ਵਿਖੇ ਮਹਾਂਕਾਲ ਦੇ ਮੰਦਰ ਪਹੁੰਚੇ । ਸਤਿਗੁਰੂ ਜੀ ਨੇ ਨੋਟ ਕੀਤਾ ਕਿ ਸ਼ਰਧਾਲੂ ਲੋਕ ਸ਼ਿਵਲਿੰਗ ਅਤੇ ਮਹਾਂਕਾਲ (ਸ਼ਿਵ ਦਾ ਭੈਰਵ ਤੇ ਖੌਫਨਾਕ ਰੂਪ) ਦੀ ਬਿਨਸਨਹਾਰ ਤੇ ਡਰਾਉਣੀ ਮੂਰਤੀ (ਜੀਹਦੇ ਇੱਕ ਹੱਥ ਵਿੱਚ ਡਮਰੂ, ਇੱਕ ਹੱਥ ਵਿੱਚ ਗਦਾ, ਇੱਕ ਹੱਥ ਵਿੱਚ ਚਮਕਦੀ ਤਲਵਾਰ ਤੇ ਇੱਕ ਹੱਥ ਵਿੱਚ ਲਹੂ ਦਾ ਕਾਸਾ ਅਤੇ ਮੂੰਹ ਵਿਚੋਂ ਬਾਹਰ ਨਿਕਲੀਆਂ ਦਾੜ੍ਹਾਂ, ਲਾਲ ਜੀਭ ਤੇ ਗਲ ਵਿੱਚ ਲਹੂ ਚੋਂਦੇ ਮਨੁਖੀ ਸਿਰਾਂ ਦੀ ਮਾਲਾ ਹੈ) ਨੂੰ ਹੀ ਕਾਲ ਰਹਿਤ ਤੇ ਸਰਬਕਲਾ ਸਮਰਥ ਰੱਬ ਮੰਨ ਕੇ ਕਾਲ ਦੀ ਮਾਰ ਤੋਂ ਬਚਣ ਲਈ ਤਰਲੇ ਮਾਰ ਰਹੇ ਹਨ । ਉਨ੍ਹਾਂ ਨੇ ਸੰਧਿਆ ਵੇਲੇ ਦੀ ਆਰਤੀ ਸਮੇਂ ਸੁਣਿਆਂ ਕਿ ਉਹ ਮਹਾਂਕਾਲ ਦੀ ਇਸ ਜੜ੍ਹ ਮੂਰਤੀ ਲਈ ਹੀ ਆਦਿ, ਅਕਾਲ, ਅਜੋਨਿ, ਨਿਰਭੈ, ਨਿਰਬਿਕਾਰ ਤੇ ਨਿਰਲੰਭ ਆਦਿਕ ਦੈਵੀ ਵਿਸ਼ੇਸਣ ਵਰਤ ਰਹੇ ਹਨ ।
ਮੂਰਤੀਆਂ ਦੇ ਰੂਪ ਵਿੱਚ ਮਹਾਂਕਾਲ ਦਾ ਜਿਹੜਾ ਭੈਰਵੀ ਰੂਪ ਪ੍ਰਗਟ ਕੀਤਾ ਗਿਆ ਹੈ, ਉਹ ਬਚਿਤਰ ਨਾਟਕ ਵਿੱਚ ਸ਼੍ਰੀ ਕਾਲ ਜੀ ਕੀ ਉਸਤਤਿ` ਦੇ ਸਿਰਲੇਖ ਹੇਠ ਸ਼ਬਦਾਂ ਵਿੱਚ ਇਉਂ ਚਿਤਰਿਆ ਗਿਆ ਹੈ :
ਡਮਾਡੱਮ ਡਉਰੂ, ਸਿਤਾਸੇਤ ਛਤ੍ਰੰ ।। ਹਾਹਾ ਹੂਹ ਹਾਸੰ, ਝਮਾ ਝੱਮ ਅਤਰੰ ।।੧੯।।
ਸਿਰੰ ਮਾਲ ਰਾਜੰ ।। ਲਖੇ ਰੁਦ੍ਰ ਲਾਜੰ ।।੨੨।। ਚਮਕਹਿ ਕ੍ਰਿਪਾਣੰ ।। ਅਭੁਤ ਭਯਾਣੰ ।।੩੧।।
ਚਤੁਰ ਬਾਂਹ ਚਾਰੰ ।। ਨਿਜੂਟੰ ਸੁਧਾਰੰ ।। ਗਦਾ ਪਾਸ ਸੋਹੰ ।। ਜਮੰ ਮਾਨ ਮੋਹੰ ।।੩੨।।
ਸੁਭੰ ਜੀਭ ਜੁਆਲੰ ।। ਸੁ ਦਾੜਾ ਕਰਾਲੰ ।। ਬਜੀ ਬੰਬ ਸਖੰ ।। ਉਠੇ ਨਾਦ ਬੰਖੰ ।।੩੩।।
{ਅਰਥ : ਮਹਾਂਕਾਲ ਦੇ ਹੱਥ ਦਾ ਡਉਰੂ ਡੰਮ ਡੰਮ (ਵਜਦਾ ਹੈ) ਅਤੇ (ਸਿਰ ਉੱਤੇ) ਚਿੱਟਾ-ਕਾਲਾ ਛਤ੍ਰ ਝੁਲਦਾ ਹੈ । ਮੂੰਹੋਂ ਹਾਹਾ-ਹੂਹ ਕਰ ਕਰ ਹਸ ਰਹੇ ਹਨ ਅਤੇ ਹੱਥ ਵਿਚਲੇ ਅਸਤਰ ਝਿਲਮਿਲ ਝਿਲਮਿਲ ਕਰ ਰਹੇ ਹਨ । ੧੯। ਸਿਰਾਂ ਦੀ ਮਾਲਾ ਆਪ ਦੇ ਗਲ ਵਿੱਚ ਸੋਭ ਰਹੀ ਹੈ, ਜਿਸ ਨੂੰ ਵੇਖ ਕੇ ਰੁਦ੍ਰ (ਬ੍ਰਹਮਾ ਦਾ ਰੋਂਦੂ ਪੁਤਰ) ਸ਼ਿਰਮਿੰਦਾ ਹੁੰਦਾ ਹੈ ੨੨। (ਮਹਾਂਕਾਲ ਦੇ ਹੱਥ ਦੀ) ਤਲਵਾਰ ਚਮਕਦੀ ਹੈ । (ਜੋ ਵੱਡੀ) ਅਦਭੁੱਤ ਡਦਾਉਣੀ ਹੈ ।੩੧। ਚਾਰ ਬਾਹਾਂ ਸੁੰਦਰ ਹਨ । ਸਿਰ ਉੱਤੇ ਜੂੜਾ ਸੁਧਾਰਿਆ ਹੋਇਆ ਹੈ । ਜੋ ਉਨ੍ਹਾਂ ਕੋਲ ਗਦਾ ਸੁਹਾਉਂਦੀ ਹੈ, ਉਹ ਜਮ ਦੇ ਮਨ ਨੂੰ ਮੋਹ ਰਹੀ ਹੈ ।੩੨। ਅੱਗ ਵਾਂਗੂ (ਲਾਲ) ਜੀਭ ਸੋਭਦੀ ਹੈ । ਦਾੜ੍ਹਾਂ ਬਹੁਤ ਡਰਾਉਣੀਆਂ ਹਨ । ਚੜ੍ਹਾਈ ਵੇਲੇ ਸੰਖ ਤੇ ਧੌਂਸੇ (ਇਉਂ) ਵਜਦੇ ਹਨ, ਜਿਵੇਂ ਸਮੁੰਦਰ ਗਰਜ ਰਿਹਾ ਹੋਵੇ ੩੩।}
ਉਜੈਨ ਮੰਦਰ ਵਿਚਲਾ ਵਰਤਾਰਾ ਦੇਖ ਕੇ ਮਾਨਵ-ਦਰਦੀ ਸਤਿਗੁਰੂ ਜੀ ਦਾ ਹਿਰਦਾ ਇਸ ਪੱਖੋਂ ਹੋਰ ਵੀ ਦੁਖੀ ਹੋਇਆ ਕਿ ਕੁਝ ਲੋਕਾਂ ਨੂੰ ਇਥੇ ਵੀ ਪੂਜਾ-ਪਾਠ ਤੇ ਮੰਦਰ ਨਾਲ ਵਹਿੰਦੀ ਨਦੀ ਸਿਪਰਾ-ਗੰਗਾ ਦੇ ਇਸ਼ਨਾਨ ਦਾ ਅਧਿਕਾਰ ਨਹੀ ਹੈ । ਕਿਉਂਕਿ, ਉਹ ਬ੍ਰਾਹਮਣਾਂ ਦੀ ਦ੍ਰਿਸ਼ਟੀ ਵਿੱਚ ਸ਼ੂਦਰ ਮੰਨੇ ਜਾਂਦੇ ਹਨ । ਇਸ ਲਈ ਸਤਿਗੁਰੂ ਜੀ ਨੇ ਦੂਜੇ ਦਿਨ ਲੌਢੇ ਵੇਲੇ (ਦਿਨ ਦੇ ਤੀਜੇ ਪਹਿਰ, ਜਦੋਂ ਦੁਪਹਿਰ ਢਲ ਰਹੀ ਸੀ) ਮੰਦਰ ਦੇ ਨੇੜੇ ਸਪਰਾ-ਗੰਗਾ ਨਦੀ ਦੇ ਕਿਨਾਰੇ ਇੱਕ ਦਰਖਤ ਹੇਠ ਬੈਠ ਕੇ ਇਥੋਂ ਦੇ ਲੋਕਾਂ ਨੂੰ ਸੁਮੱਤ ਬਖ਼ਸ਼ਣ ਹਿੱਤ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਰਬਾਬ (Rebeck) ਵਜਾਣ ਲਈ ਇਸ਼ਾਰਾ ਕੀਤਾ। ਸਤਿਗੁਰੂ ਜੀ ਦੇ ਪਿਆਰ ਪਾਤਰ ਤੇ ਰਾਗ ਦੇ ਧਨੀ, ਭਾਈ ਜੀ ਨੇ ਸੀਸ ਝੁਕਾਇਆ ਅਤੇ ਸਮਾਂ ਜਾਚਣ ਲਈ ਇੱਕ ਵਾਰ ਢਲਦੇ ਸੂਰਜ ਵਲ ਝਾਕ ਕੇ ਉਨ੍ਹੇ ਰਬਾਬ ਦੀਆਂ ਤਰਬਾਂ ਨੂੰ ਛੇੜਿਆ । ਕਿਉਂਕਿ, ਉਹ ਰਾਗ ਦੀ ਬਰੀਕੀਆਂ ਦੇ ਨਾਲ ਨਾਲ ਰਾਗਾਂ ਦੀ ਤਸੀਰ ਨੂੰ ਵੀ ਸਮਝਦੇ ਸਨ । ਇਸ ਲਈ ਉਨ੍ਹਾਂ ਨੇ ਸਿਰੀ ਰਾਗ ਦੀ ਧੁੰਨ ਉੱਠਾਈ ਅਤੇ ਇਸੇ ਹੀ ਰੰਗ ਵਿੱਚ ਕੁਝ ਛਿਨ ਲਹਿਰਾ ਵਜਾ ਕੇ ਵਾਤਾਵਰਣ ਨੂੰ ਸੰਗੀਤਮਈ ਬਣਾਇਆ ।
ਆਲੇ-ਦੁਆਲੇ ਦੇ ਕੁਝ ਲੋਕ ਤਾਂ ਰਬਾਬ ਦੀਆਂ ਰਾਗਮਈ ਸੁਰਾਂ ਸੁਣ ਕੇ ਹੀ ਇਕੱਠੇ ਹੋ ਗਏ ਅਤੇ ਕੁਝ ਹੋਰ, ਜਿਨ੍ਹਾਂ ਵਿੱਚ ਮੰਦਰ ਦੇ ਪੰਡੇ, ਤੀਰਤ ਯਾਤਰਾ `ਤੇ ਆਏ ਬੈਰਾਗੀ, ਸੰਨਿਆਸੀ, ਜੋਗੀ ਅਤੇ ਬੰਗਾਲ ਦੇ ਦੁਰਗਾ ਭਗਤਾਂ ਤੋਂ ਇਲਾਵਾ ਸਥਾਨਕ ਐਸੇ ਲੋਕ ਵੀ ਸਨ, ਜਿਨ੍ਹਾਂ ਨੂੰ ਮੰਦਰ ਵਿਚੋਂ ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ ਸੀ । ਜਿਹੜੇ ਵਿਚਾਰੇ ਗਰਮੀ ਦੇ ਮਾਰੇ ਨਦੀ ਵਿੱਚ ਬ੍ਰਾਹਮਣਾਂ ਤੋਂ ਚੋਰੀਂ ਵੀ ਟੁੱਬੀ ਲਾਉਣ ਤੋਂ ਤ੍ਰਬਕਦੇ ਸਨ । ਉਦੋਂ ਆਣ ਇਕੱਠੇ ਹੋਏ, ਜਦੋਂ ਅਕਾਲਮੂਰਤਿ ਦੇ ਪੂਜਾਰੀ ਤੇ ਨਿਰਭਉ ਬਾਬੇ ਨੇ ਉੱਚੀ ਹੇਕ ਵਾਲੀ ਸਦ-ਮਈ ਤਰਜ਼ ਨਾਲ, ‘‘ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ।। ਮਿਲਿ ਕੈ ਕਰਹ ਕਹਾਣੀਆ ਸੰਮਥ੍ਰ ਕੰਤ ਕੀਆਹ ।।``{ਗੁ.ਗ੍ਰੰ.ਪੰ.੧੮} ਦੀਆਂ ਅਰੰਭਕ ਪੰਕਤੀ ਵਾਲਾ ਸ਼ਬਦ ਗਾਇਨ ਕੀਤਾ ।  ਅਸਥਾਈ ਦੇ ਰੂਪ ਵਿੱਚ ਗਾਇਨ ਕੀਤੀ ਜਾਣ ਵਾਲੀ ਰਹਾਉ ਦੀ ਪੰਕਤੀ ‘‘ਕਰਤਾ ! ਸਭੁ ਕੋ ਤੇਰੈ ਜੋਰਿ ।। ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ।।।।ਰਹਾਉ।।`` ਵਿੱਚ ਵਧੇਰੇ ਜ਼ੋਰ ਇਸ ਗੱਲ ਉੱਤੇ ਦਿੱਤਾ ਜਾ ਰਿਹਾ ਸੀ ਕਿ ਸਾਰਾ ਸੰਸਾਰ ਇੱਕ ਸਰਬ ਵਿਆਪਕ ਕਰਤੇ ਦੇ ਆਸਰੇ ਟਿਕਿਆ ਹੋਇਆ ਹੈ । ਤੇ ਜਿਹੜਾ ਮਨੁੱਖ ਗੁਰਬਾਣੀ ਨੂੰ ਵੀਚਾਰ ਕੇ ਇਸ ਭੇਦ ਨੂੰ ਸਮਝ ਲੈਂਦਾ ਹੈ, ਉਸ ਨੂੰ ਫਿਰ ਕਿਸੇ ਪ੍ਰਕਾਰ ਦੇ ਕਾਲ, ਦੇਵੀ-ਦੇਵਤਿਆਂ ਤੇ ਵਿਕਾਰਾਂ ਦੀ ਮਾਰ ਤੋਂ ਡਰਨ ਦੀ ਲੋੜ ਨਹੀ ਰਹਿੰਦੀ ।
ਗੁਰ-ਸ਼ਬਦ ਸੁਣ ਕੇ ਮੰਤ੍ਰ-ਮੁਗਧ ਹੋਏ ਸਥਾਨਕ ਪੰਡੇ ਤੇ ਤੀਰਥਾਂ ਦਾ ਭਰਮਣ ਕਰ ਰਹੇ ਸੰਨਿਆਸੀ ਅੰਦਰੋਂ ਅਉਖੇ ਵੀ ਬਹੁਤ ਹੋ ਰਹੇ ਸਨ । ਕਿਉਂਕਿ, ਬਾਬੇ ਦੇ ਉਪਦੇਸ਼ ਰਾਹੀਂ ਉਨ੍ਹਾਂ ਦੀ ਸਮਾਜ ਵਿਚਲੀ ਵਿਅਕਤੀਗਤ ਵਿਸ਼ੇਸ਼ਤਾ ਅਤੇ ਪੂਜਾ ਦੇ ਬਹਾਨੇ ਲੋਕਾਈ ਨੂੰ ਲੁੱਟਣ ਲਈ ਖੜ੍ਹੇ ਕੀਤੇ ਦੇਵੀ-ਦੇਵਤਿਆਂ ਦੀ ਪ੍ਰਤਿਸ਼ਠਤਾ ਖ਼ਤਮ ਹੁੰਦੀ ਜਾਪ ਰਹੀ ਸੀ । ਇਸ ਲਈ ਉਨ੍ਹਾਂ ਵਿਚੋਂ ਇੱਕ ਸੰਨਿਆਸੀ ਬੋਲਿਆ ‘‘ਤੁਮ ਕੌਣ ਸੇ ਕਰਤੇ ਕੇ ਸੋਹਿਲੇ ਗਾ ਰਹੇ ਹੋ ? ਆਪ ਕੋ ਮਾਲੂਮ ਹੋਣਾ ਚਾਹੀਏ ਕਿ ਏਕ ਭਗਵਾਨ ਬ੍ਰਹਮਾ ਜੀ ਹੀ ਸ਼੍ਰਿਸ਼ਟੀ ਕਾ ਕਰਤਾ ਔ ਧਰਤਾ ਹੈ । ਮੰਦਰ ਦਾ ਪੰਡਾ ਬੋਲਿਆ ‘‘ਮਹਾਂਕਾਲ ਕੀ ਸ਼ਰਨ ਆਨੇ ਸੇ ਹੀ ਯਮ ਔਰ ਅਨ ਸ਼ਕਤੀਓਂ ਕਾ ਭੈ ਬਿਨਸ ਸਕਤਾ ਹੈ ਕਾਰਨ ਯੇਹ ਹੈ ਕਿ ਵੋਹ ਹੀ ਸ਼੍ਰਿਸ਼ਟੀ ਕੇ ਕਰਤਾ, ਧਰਤਾ ਔਰ ਹਰਤਾ ਹੈਂ । ਯੇ ਹੀ ਕਾਰਨ ਹੈ ਕਿ ਬ੍ਰਹਮਾ ਔਰ ਵਿਸ਼ਨੂੰ ਜੀ ਭੀ ਅਸੁਰੋਂ ਕੇ ਡਰ ਕਾਰਨ ਉਨ ਕੀ ਸ਼ਰਨ ਮੇਂ ਪਹੁੰਚੇ ਥੇ । ਇਸੀ ਲੀਏ ਮਹਾਂਕਾਲ ਕੀ ਆਰਤੀ ਮੇਂ ਹਮ ਸੁਭਾ ਸ਼ਾਮ ਯੇਹ ਪਦੇ ਗਾਤੇ ਹੈ`` :
ਡਗ ਮਗ ਲੋਕ ਚਤੁਰ ਦਸ ਭਏ ।। ਅਸੁਰਨ ਸਾਥ ਸਕਲ ਭਰ ਗਏ ।।
ਬ੍ਰਹਮਾ ਬਿਸਨ ਸਭੈ ਡਰ ਪਾਨੇ ।। ਮਹਾਂਕਾਲ ਕੀ ਸਰਨ ਸਿਧਾਨੇ ।।੮੯।।
ਇਹ ਬਿਧਿ ਸਭੈ ਪੁਕਾਰਤ ਭਏ ।। ਜਨ ਕਰ ਲੂਟ ਬਨਿਕ ਸੇ ਲਏ ।।
ਤ੍ਰਾਹਿ ਤ੍ਰਾਹਿ ਹਮ ਸਰਨ ਤੁਹਾਰੀ ।। ਸਭ ਭੈ ਤੇ ਹਮ ਲੇਹੁ ਉਬਾਰੀ ।।੯੦।।
ਤੁਮਹੋ ਸਕਲ ਲੋਕ ਸਿਰਤਾਜਾ ।। ਗਰਬਨ ਗੰਜ ਗਰੀਬ ਨਿਵਾਜਾ ।।
ਆਦਿ, ਅਕਾਲ, ਅਜੋਨਿ ਬਿਨਾ ਭੈ ।। ਨਿਰਬਿਕਾਰ ਨਿਰਲੰਭ ਜਗਤ ਮੈ ।।੯੧।।
ਓਥੋਂ ਦੇ ਯਾਤਰੂਆਂ ਵਿੱਚ ਬੰਗਾਲ ਦੇ ਕੁਝ ਦਰਗਾ-ਦੇਵੀ ਦੇ ਉਪਾਸ਼ਕ ਵੀ ਸ਼ਾਮਲ ਸਨ । ਕਿਉਂਕਿ, ਇਹ ਦੇਵੀ ਮਹਾਂਕਾਲ ਦੀ ਹੀ ਇੱਕ ਖੱਬੇ-ਪੱਖੀ ਸ਼ਕਤੀ ਮੰਨੀ ਜਾਂਦੀ ਹੈ, ਜਿਸ ਦੁਆਰਾ ਉਹ ਜਗਤ ਦੀ ਰਚਨਾ ਕਰਦਾ ਹੈ । ਇਸ ਲਈ ਇੱਕ ਦੁਰਗਾ ਭਗਤ ਨੇ ਆਖਿਆ ਕਿ ‘‘ਮਾਤਾ ਕੀ ਸ਼ਰਨ ਸਿਧਾਨੇ ਸੇ ਹੀ ਮਨੁੱਖ ਮੋਕਸ਼ ਕੋ ਪ੍ਰਾਪਤ ਹੋ ਸਕਤਾ ਹੈ । ਕਿਉਂਕਿ, ਵੋਹ ਸ਼ਿਵ-ਸ਼ਕਤੀ ਹੈ । ਸ਼੍ਰਿਸ਼ਟੀ ਕੀ ਸਿਰਜਕ ਹੈ`` । ਚੰਡੀ, ਕਾਲੀ (ਕਾਲਕਾ), ਸਿਵਾ, ਪਾਰਬਤੀ, ਭੈਰਵੀ, ਭਗੌਤੀ ਤੇ ਭਵਾਨੀ ਆਦਿਕ ਸਾਰੇ ਇਸੇ ਦੇ ਹੀ ਰੂਪ ਤੇ ਨਾਮ ਹਨ । ਚੌਬੀਸ ਅਵਤਾਰ, ਦੇ ਬਿਪਰਵਾਦੀ ਕਾਵਿ ਸੰਗ੍ਰਹਿ ਵਿੱਚ ਮਹਾਂਕਾਲ ਦੇ ਉਪਾਸ਼ਕਾਂ ਦਾ ਇਹ ਨਿਸ਼ਚਾ ਇਉਂ ਪ੍ਰਗਟ ਹੁੰਦਾ ਹੈ :
ਪ੍ਰਿਥਮ, ਕਾਲ, ਸਭ ਕੋ ਜਗ ਤਾਤਾ । ਤਾਂਤੇ ਭਯੋ ਤੇਜ ਵਿਖਿਤਾ । ਸੋਈ, ਭਵਾਨੀ ਨਾਮ ਕਹਾਈ । ਜਿਨ, ਸਗਰੀ ਇਹ ਸ੍ਰਿਸਟ ਬਨਾਈ ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਨ੍ਹਾਂ ਸਾਰਿਆਂ ਦੀ ਨੋਕ-ਝੋਕ ਬੜ੍ਹੀ ਧੀਰਜ ਨਾਲ ਸੁਣੀ ਅਤੇ ਉਨ੍ਹਾਂ ਦਾ ਉਤਰ ਦੇਣ ਲਈ ਇੱਕ ਹੋਰ ਸ਼ਬਦ ਗਾਇਨ ਕਰਨਾ ਚਾਹਿਆ । ਹਜ਼ੂਰ ਦਾ ਇਸ਼ਾਰਾ ਪਾ ਕੇ ਭਾਈ ਮਰਦਾਨਾ ਜੀ ਨੇ ਸ਼ਿਵ-ਭਗਤ ਸ਼੍ਰੋਤਿਆਂ ਦੀ ਮਾਨਸਿਕਤਾ ਨੂੰ ਸਮਝਦਿਆਂ ਗਉੜੀ` ਰਾਗ (ਰਾਗਣੀ) ਦੀਆਂ ਸੁਰਾਂ ਛੇੜੀਆਂ । ਕਿਉਂਕਿ, ਸ਼ਾਮ ਦਾ ਸਮਾਂ ਹੋਣ ਕਰਕੇ ਇੱਕ ਤਾਂ ਗਉੜੀ` ਵੇਲੇ ਦਾ ਰਾਗ ਸੀ । ਦੂਜੇ, ਸ਼ਿਵ ਭਗਤਾਂ ਦਾ ਇਹ ਬੜਾ ਮਨ ਭਾਉਂਦਾ ਰਾਗ ਸੀ । ਕਿਉਂਕਿ, ਸੰਗੀਤ ਸ਼ਾਸ਼ਤਰ ਅਨੁਸਾਰ ਪੂਰਵੀ ਠਾਟ ਦੇ ਸਿਰੀ ਰਾਗ ਦੀ ਰਾਗਣੀ ਹੋਣ ਕਰਕੇ ਉਹ ਇਸ ਨੂੰ ਸ਼ਿਵ-ਸੁਪਤਨੀ ਦੇ ਰੂਪ ਵਿੱਚ ਦੇਖਦੇ ਹਨ, ਜਿਸ ਨੂੰ ਗਉਰੀ, ਗਵਰੀ (ਪਾਰਬਤੀ) ਅਤੇ ਗੌੜੀ (ਗਉੜੀ) ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ ।
ਤੀਜੇ, ਉਥੇ ਬੈਠੇ ਸਨ ਬੰਗਾਲੀ ਦੁਰਗਾ ਭਗਤ, ਜਿਹੜੇ ਗਉੜੀ ਰਾਗ ਨੂੰ ਗੌੜ ਦੇਸ਼ (ਬੰਗਾਲ ਤੇ ਉੜੀਸਾ ਦੇ ਵਿਚਕਾਰਲਾ ਇਲਾਕੇ) ਨਾਲ ਜੋੜ ਕੇ ਦੇਖਦੇ ਸਨ । ਅਤੇ ਚੌਥੇ ਤਸੀਰ ਕਰਕੇ ਵੀ ਇਹ ਗੁੜ ਵਾਗੂੰ ਮਿੱਠਾ ਅਤੇ ਮਨ ਨੂੰ ਨਸ਼ਿਆ ਕੇ ਮਸਤ ਕਰਨ ਵਾਲਾ ਮੰਨਿਆਂ ਜਾਂਦਾ ਹੈ । ਸਿਆਣਿਆਂ ਦਾ ਕਥਨ ਹੈ ਕਿ ਗੁੜ ਤੋਂ ਬਣੀ ਸ਼ਰਾਬ ਨੂੰ ਗੌੜੀ`, ਆਖਣ ਪਿਛੇ ਵੀ ਸ਼ਾਇਦ ਇਹੀ ਰਹਸ ਛੁਪਿਆ ਹੈ, ਜਿਹੜੀ ਮਹਾਂਕਾਲ (ਸ਼ਿਵ) ਤੇ ਦੁਰਗਾ ਦੇਵੀ ਦੀ ਮਨ ਭਾਉਂਦੀ ਵਸਤੂ ਮੰਨੀ ਜਾਂਦੀ ਹੈ । ਇਹੀ ਕਾਰਨ ਹੈ ਕਿ ਭਾਰਤ ਵਿੱਚ ਕੁਝ ਅਜਿਹੇ ਮੰਦਰ ਵੀ ਹਨ, ਜਿਨ੍ਹਾਂ ਵਿੱਚ ਸ਼ਰਧਾਲੂ ਮਾਸ-ਸ਼ਰਾਬ ਦਾ ਚੜ੍ਹਾਵਾ ਚੜਾਉਂਦੇ ਹਨ ਅਤੇ ਫਿਰ ਇਹੀ ਕੁਝ ਉਥੇ ਪ੍ਰਸ਼ਾਦ ਵਜੋਂ ਵਰਤਾਇਆ ਜਾਂਦਾ ਹੈ।
ਨਿਰਭੈਤਾ ਦੀ ਮੂਰਤ ਗੁਰੂ ਨਾਨਕ ਸਾਹਿਬ ਜੀ ਦੇਖਿਆ ਕਿ ਭਾਈ ਮਰਦਾਨੇ ਵਲੋਂ ਛੇੜੀਆਂ ਸੁਰਾਂ ਨੇ ਸ਼੍ਰੋਤਿਆਂ ਦਾ ਧਿਆਨ ਖਿੱਚ ਲਿਆ ਹੈ। ਕਈ ਤਾਂ ਮਸਤੀ ਵਿੱਚ ਝੂਮਣ ਲੱਗ ਪਏ ਹਨ। ਹੁਣ ਸੁਵੈਦ ਸਤਿਗੁਰੂ ਜੀ ਨੇ ਸੰਸਾਰ ਦੇ ਮਾਨਸਿਕ ਰੋਗੀਆਂ ਨੂੰ ਰਾਗ ਦੇ ਗਲੇਫ ਵਿੱਚ ਲਪੇਟ ਕੇ ਨਾਮ-ਦਾਰੂ ਦਾ ਕੈਪਸੂਲ ਖਵਾਣ ਲਈ ਆਪਣੀ ਮੁਬਾਰਕ ਰਸਨਾ ਤੋਂ ਹੇਠ ਲਿਖਿਆ ਸ਼ਬਦ ਗਾਇਨ ਕੀਤਾ:
ਗਉੜੀ ਮਹਲਾ ੧।। ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ।। ਬ੍ਰਹਮ ਕਮਲੁ ਪਇਆਲਿ ਨ ਪਾਇਆ।। ਆਗਿਆ ਨਹੀ ਲੀਨੀ ਭਰਮਿ ਭੁਲਾਇਆ।।੧।।  ਜੋ ਉਪਜੈ ਸੋ ਕਾਲਿ ਸੰਘਾਰਿਆ।। ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ।।੧।। ਰਹਾਉ।। ਮਾਇਆ ਮੋਹੇ ਦੇਵੀ ਸਭਿ ਦੇਵਾ।। ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ।। ਓਹੁ ਅਬਿਨਾਸੀ ਅਲਖ ਅਭੇਵਾ।੨।। {ਪੰਨਾ ੨੨੭}
ਇਹ ੯ ਪਦਿਆਂ ਦਾ ਲੰਮੇਰਾ ਤੇ ਸੰਪੂਰਨ ਸ਼ਬਦ ਉਨ੍ਹਾਂ ਰਾਗ ਦੇ ਪ੍ਰਭਾਵ ਹੇਠ ਭਾਵੇਂ ਸੁਣ ਤਾਂ ਲਿਆ। ਪਰ, ਪੰਡੇ ਅੰਦਰੋਂ ਉਬਲ ਰਹੇ ਸਨ। ਕਿਉਂਕਿ, ਸ਼ਬਦ ਦੀ ਅਸਥਾਈ ‘‘ਜੋ ਉਪਜੈ ਸੋ ਕਾਲਿ ਸੰਘਾਰਿਆ। । ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ।।੧।। ਰਹਾਉ।। `` ਜਿਹੜੀ ਉਨ੍ਹਾਂ ਬਾਰ ਬਾਰ ਗਾਈ, ਦੇ ਸ਼ਬਦੀ ਅਰਥ ਬੜੇ ਸਰਲ ਸਨ ਕਿ ਸੰਸਾਰ ਵਿੱਚ ਜੋ ਕੁੱਝ ਵੀ ਪੈਦਾ ਹੁੰਦਾ ਹੈ, ਉਸ ਨੂੰ ਕਾਲ ਸੰਘਾਰ ਦਿੰਦਾ ਹੈ। ਖ਼ਤਮ ਕਰ ਦਿੰਦਾ ਹੈ। ਪਰ, ਗੁਰੂ ਦੇ ਸ਼ਬਦ ਨੂੰ ਵਿਚਾਰਨ ਕਰਕੇ ਹਰੀ ਪਰਮਾਤਮਾ ਨੇ ਸਾਨੂੰ ਕਾਲ ਦੀ ਮਾਰ ਤੋਂ ਬਚਾ ਲਿਆ ਹੈ।
ਸ਼ਬਦ ਚੋਟ ਬੜੀ ਸਿੱਧੀ ਸੀ ਕਿ ਸੰਸਾਰਕ ਤਲ ਤੇ ਪੈਦਾ ਹੋਣ ਵਾਲੀਆਂ ਸਭੇ ਸੂਰਤਾਂ ਤੇ ਮੂਰਤਾਂ, ਭਾਵੇਂ ਉਹ ਦੇਵੀ-ਦੇਵਤਿਆਂ ਤੇ ਅਵਤਾਰਾਂ ਦੀਆਂ ਵੀ ਕਿਉਂ ਨਾ ਹੋਣ, ਜਦੋਂ ਕਰਤਾ ਪੁਰਖ ਦੇ ਬਣਾਏ ਕਾਲ ਦੇ ਕੁਦਰਤੀ ਨੀਯਮ ਅਨੁਸਾਰ ਨਾਸ਼ਵੰਤ ਹਨ ਤਾਂ ਉਨ੍ਹਾਂ ਦੀ ਸੇਵਾ ਭਗਤੀ ਕਿਸੇ ਨੂੰ ਕਾਲ-ਮੁਕਤ ਕਿਵੇਂ ਕਰ ਸਕਦੀ ਹੈ? ਕਿਉਂਕਿ, ਜਿਹੜਾ ਆਪ ਦਰਿਆ ਵਿੱਚ ਡੁੱਬ ਰਿਹਾ ਹੋਵੇ, ਉਹ ਦੂਜੇ ਨੂੰ ਡੁੱਬਣ ਤੋਂ ਕਿਵੇਂ ਬਚਾ ਸਕਦਾ ਹੈ। ਗੁਰਵਾਕ ਵੀ ਹੈ: ਜੋ ਡੁਬੰਦੋ ਆਪਿ, ਸੋ ਤਰਾਏ ਕਿਨ ਖੇ। । (ਗੁ. ਗ੍ਰੰ. ਪੰ. ੧੧੦੧)
ਗਾਇਨ ਕੀਤੇ ਜਾ ਰਹੇ ਸ਼ਬਦ ਵਿਚਲੀ ‘‘ਕਾਜੀ ਸੇਖ ਭੇਖ ਫਕੀਰਾ। । ਵਡੇ ਕਹਾਵਹਿ ਹਉਮੈ ਤਨਿ ਪੀਰਾ। । ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ। । ੭।। `` ਦੀ ਪੰਕਤੀ ਸੁਣ ਕੇ ਮਹਾਂਕਾਲ ਦੇ ਭਗਤਾਂ ਨੂੰ ਜਦੋਂ ਗੁਰੂ ਬਾਬੇ ਦੀ ਸਮਦਿਸ਼ਟਤਾ ਦਾ ਝਲਕਾਰਾ ਵੱਜਿਆ ਤਾਂ ਉਨ੍ਹਾਂ ਅੰਦਰੋਂ ਭਾਵੇਂ ਕੁੱਝ ਧੀਰਜ ਵੀ ਧਾਰੀ। ਕਿਉਂਕਿ, ਉਨ੍ਹਾਂ ਨੂੰ ਜਾਪਿਆ ਕਿ ਬਾਬੇ ਨਾਨਕ ਦਾ ਨਿਸ਼ਾਨਾ ਕੇਵਲ ਦੇਵੀ-ਦੇਵਤੇ ਤੇ ਇਕੱਲੇ ਅਸੀਂ ਬ੍ਰਾਹਮਣ ਪੁਜਾਰੀ ਹੀ ਨਹੀ। ਸਗੋਂ, ਇਸਲਾਮਿਕ ਪੀਰ, ਫ਼ਕੀਰ, ਸ਼ੇਖ ਤੇ ਕਾਜ਼ੀ ਵੀ ਹਨ।
ਪਰ, ‘‘ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ।। `` ਅਤੇ ‘‘ਮਾਇਆ ਮੋਹੇ ਦੇਵੀ ਸਭਿ ਦੇਵਾ।। ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ।। ਦੀਆਂ ਅਰੰਭਕ ਪੰਕਤੀਆਂ ਸੁਣ ਕੇ ਉਨ੍ਹਾਂ ਅੰਦਰ ਪੈਦਾ ਹੋ ਚੁੱਕੀ ਸੰਪਰਦਾਇਕ ਤਿਲਮਲਾਹਟ ਦਾ ਹੜ੍ਹ, ਧੀਰਜ ਦੀ ਉਸ ਛੋਟੀ ਜਿਹੀ ਲਹਿਰ ਨੂੰ ਵੀ ਰੋੜ੍ਹ ਕੇ ਲੈ ਗਿਆ। ਉਹ ਕ੍ਰੋਧਿਤ ਹੋਏ ਉੱਛਲ ਉੱਛਲ ਪੈਂਦੇ ਸਵਾਲਾਂ ਦੀ ਬੁਛਾੜ ਕਰਨ ਲੱਗੇ। ਕਿਉਂਕਿ, ਸੰਪਰਦਾਈਆਂ ਦਾ ਇਹ ਸੁਭਾ ਹੈ ਕਿ ਜਦੋਂ ਕੋਈ ਉੱਤਰ ਨਾ ਸੁੱਝੇ ਤਾਂ ਉਹ ਰੌਲਾ ਪਾਉਂਦੇ ਹੋਏ ਸਦਾ ਆਪਣੇ ਵਿਚਾਰਧਾਰਕ ਵਿਰੋਧੀ ਦੇ ਗਲ ਪੈਣ ਦਾ ਯਤਨ ਕਰਦੇ ਹਨ, ਤਾਂ ਕਿ ਉਹ ਡਰ ਕੇ ਮੈਦਾਨ ਛੱਡ ਜਾਏ।
ਧੀਰਜ-ਧਾਮ ਸਤਿਗੁਰੂ ਜੀ ਅਡੋਲਤਾ ਵਿੱਚ ਬੋਲੇ: ਮਿਤਰੋ! ਆਪ ਧਾਰਮਿਕ ਮੁਖੀ ਮੰਨੇ ਜਾਂਦੇ ਹੋ। ਤੁਹਾਡੇ ਤੋਂ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਬੜੇ ਸਭਿਅਕ ਮਨੁੱਖ ਹੋ। ਇਸ ਲਈ ਮੈਨੂੰ ਵੀ ਆਸ ਹੈ ਕਿ ਤੁਸੀਂ ਧੀਰਜ ਨਾਲ ਗੱਲ ਕਰੋਗੇ। ਭਾਈ! ਮੈਂ ਤੁਹਾਡੇ ਸਾਰੇ ਸੁਆਲਾਂ ਦੇ ਵਿਸਥਾਰ ਪੂਰਵਕ ਉੱਤਰ ਦੇਣ ਲਈ ਤਿਆਰ ਹਾਂ। ਤੁਸੀਂ ਹੌਸਲੇ ਨਾਲ ਉਪਰੋਕਤ ਸੁਆਲਾਂ ਤੋਂ ਇਲਾਵਾ ਅਜਿਹੇ ਹੋਰ ਵੀ ਸੁਆਲ ਉਠਾ ਸਕਦੇ ਹੋ, ਜਿਹੜੇ ਤਹਾਨੂੰ ਅੰਦਰੋਂ ਪੀੜਤ ਕਰ ਰਹੇ ਹੋਣ। ਕਿਉਂਕਿ, ਮੇਰਾ ਮਕਸਦ ਕਿਸੇ ਪ੍ਰਕਾਰ ਦੇ ਬਹਿਸ-ਮੁਬਹਿਸੇ ਦੁਆਰਾ ਵਿਦਿਅਕ ਪੰਡਤਾਈ ਦਿਖਾਂਦਿਆਂ ਕਿਸੇ ਨੂੰ ਜਿੱਤਣ ਜਾਂ ਹਰਾਉਣ ਦੇ ਰੂਪ ਵਿੱਚ ਪਹਿਲਵਾਨਗੀ ਕਰਨਾ ਨਹੀ। ਸਗੋਂ, ਮੇਰਾ ਮਨੋਰਥ ਤਾਂ ਆਪ ਸਾਰਿਆਂ ਨੂੰ ਅਕਾਲ-ਪੁਰਖ ਦੇ ਲੜ ਲਾਉਣਾਂ ਹੈ ਤਾਂ ਜੋ ਤੁਸੀਂ ਵੀ ਮੇਰੇ ਤਰ੍ਹਾਂ ਕਾਲ ਦੀ ਉਸ ਅੰਤਰੀਵ ਗੁੱਝੀ ਮਾਰ ਤੋਂ ਬਚ ਸਕੋ, ਜਿਹੜੀ ਮਨੁੱਖ ਨੂੰ ਆਤਮਿਕ ਤੌਰ ਤੇ ਮੁਰਦਾ ਕਰ ਦਿੰਦੀ ਹੈ।
ਗੁਰੂ ਬਾਬੇ ਦੀ ਦੈਵੀ ਸਖ਼ਸ਼ੀਅਤ ਤੇ ਉਨ੍ਹਾਂ ਦੀ ਨਿਰਭੈਤਾ ਭਰੀ ਅਡੋਲ ਮਾਨਸਿਕ ਅਵਸਥਾ ਦੇਖ ਕੇ ਅਤੇ ਉਨ੍ਹਾਂ ਦੇ ਸਹਜਮਈ ਬੋਲਾਂ ਨੂੰ ਸੁਣ ਕੇ ਪੰਡੇ ਲੋਕ ਕੁੱਝ ਠਿਠੰਬਰ ਜਿਹੇ ਗਏ। ਹੁਣ ਉਨ੍ਹਾਂ ਨੂੰ ਇੱਕ-ਦਮ ਕੁੱਝ ਸੁੱਝ ਨਹੀ ਸੀ ਰਿਹਾ ਕਿ ਉਹ ਗੁਰੂ ਜੀ ਦੇ ਸਨਮੁੱਖ ਕੀ ਸੁਆਲ ਖੜ੍ਹਾ ਕਰਨ? ਭਾਈ ਗੁਰਦਾਸ ਜੀ ਨੇ ਸਿੱਧ-ਜੋਗੀਆਂ ਨਾਲ ਹੋਈ ਵਿਚਾਰ ਗੋਸ਼ਟੀ ਦਾ ਜ਼ਿਕਰ ਕਰਦਿਆਂ ਸਤਿਗੁਰੂ ਜੀ ਦੇ ਪ੍ਰਤਾਪ ਬਾਰੇ ਐਂਵੇ ਹੀ ਨਹੀ ਸੀ ਲਿਖਿਆ ਕਿ ‘‘ਸਤਿਗੁਰ ਅਗਮ ਅਗਾਧਿ ਪੁਰਖੁ, ਕਿਹੜਾ ਝੱਲੇ ਗੁਰੂ ਦੀ ਝਾਲਾ``? ਮੰਦਰ ਦਾ ਮੁਖੀ ਪੰਡਾ ਬੋਲਿਆ, ਛੱਡੋ ਜੀ ਤੁਸੀਂ ਹੋਰ ਸੁਆਲਾਂ ਦੀ ਗੱਲ। ਬੱਸ, ਤੁਸੀਂ ਹੁਣ ਇਹ ਦੱਸੋ; ‘‘ ਜੇ ਤੁਸੀਂ ਆਖਦੇ ਹੋ ਕਿ ਜੋ ਵੀ ਉਪਜਦਾ ਹੈ, ਉਸ ਨੂੰ ਕਾਲ ਸੰਘਾਰ ਦਿੰਦਾ ਹੈ (ਜੋ ਉਪਜੈ ਸੋ ਕਾਲਿ ਸੰਘਾਰਿਆ)। ਤਾਂ ਇਥੇ ਸੁਆਲ ਖੜ੍ਹਾ ਹੁੰਦਾ ਹੈ ਕਿ ਫਿਰ ਇਹ ਕਿਵੇਂ ਮੰਨਿਆਂ ਜਾ ਸਕਦਾ ਹੈ ਕਿ ਤੁਸੀਂ ਉਹਦੀ ਮਾਰ ਤੋਂ ਬਚ ਗਏ ਹੋ? ਕੀ ਭਵਿੱਖ ਵਿੱਚ ਕਾਲ ਤਹਾਨੂੰ ਨਹੀ ਸੰਘਾਰੇਗਾ? ਕਿਉਂਕਿ, ਤੁਸੀਂ ਸ਼ਬਦ ਵਿੱਚ ਇਹ ਤਾਂ ਆਖਦੇ ਹੋ ਕਿਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ`। । ਪਰ, ਸ਼ਬਦ ਦੀ ਅਸਥਾਈ ਵਿੱਚ ਆਪਣੇ ਲਈ ਦਾਅਵਾ ਕਰਦੇ ਹੋ ਕਿ ‘‘ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ``।।
ਸਤਿਗੁਰੂ ਜੀ ਬੋਲੇ: ਭਾਈ ਇਹ ਸਚਾਈ ਤਾਂ ਤੁਸੀਂ ਵੀ ਸਾਰੇ ਕਬੂਲ ਕਰਦੇ ਹੋ ਕਿ ਜੋ ਉਪਜਦਾ ਹੈ, ਉਹ ਬਿਨਸਦਾ ਹੈ। ਜੋ ਜੰਮਦਾ ਹੈ, ਉਹ ਮਰਦਾ ਹੈ। ਜਿਸ ਦਾ ਆਦਿ ਹੈ, ਉਹਦਾ ਅੰਤ ਵੀ ਹੈ। ਸਰੀਰਕ ਤੌਰ `ਤੇ ਤਾਂ ਨਾ ਮੈਂ ਰਹਿਣਾ ਹੈ ਨਾ ਤੁਸੀਂ ਰਹਿਣਾ ਹੈ। ਇਸੇ ਲਈ ਇਸ ਸ਼ਬਦ ਵਿੱਚ ਇਹ ਬਚਨ ਆਏ ਹਨ ਕਿ ਹਿੰਦੂ ਤ੍ਰਿਮੂਰਤੀ ਦਾ ਪ੍ਰਥਮ ਦੇਵਤਾ ਬ੍ਰਹਮਾ`, ਜਿਸ ਨੂੰ ਤੁਹਾਡੇ ਵਿਚੋਂ ਹੀ ਇੱਕ ਸਜਣ ਨੇ ਸਾਰੀ ਸ੍ਰਿਸ਼ਟੀ ਦਾ ਕਰਤਾ-ਧਰਤਾ ਆਖਿਆ ਹੈ, ਉਸ ਬਾਰੇ ਤੁਸੀਂ ਪੰਡਿਤ ਲੋਕ ਹੀ ਆਖਦੇ ਹੋ ਕਿ ਵੇਦਾਂ` ਤੇ ਬ੍ਰਾਹਮਣਾਂ` ਵਿੱਚ ਬ੍ਰਹਮਾ ਦਾ ਕੋਈ ਜ਼ਿਕਰ ਨਹੀ ਹੈ। ਪ੍ਰੰਤੂ, ‘ਸ਼ਤਪਥ ਬ੍ਰਾਹਮਣ` ਤੇ ਰਿਸ਼ੀ ਮਨੂ` ਦੇ ਹਵਾਲੇ ਨਾਲ ਫਿਰ ਆਪ ਹੀ ਚਰਚਾ ਕਰਦੇ ਹੋ ਕਿ ਉਹ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਪਾਣੀ ਵਿੱਚ ਬਣੇ ਸੁਨਹਿਰੀ ਆਂਡੇ ਤੋਂ ਪੈਦਾ ਹੋਇਆ।
ਫਿਰ, ਇਹ ਵੀ ਮੰਨਦੇ ਹੋ ਕਿ ਜਦੋਂ ਬ੍ਰਹਮਾ ਇਸ ਸ੍ਰਿਸ਼ਟੀ ਨੂੰ ਸਿਰਜਦਾ ਹੈ ਤਾਂ ਇਹ ਉਸ ਦੇ ਇੱਕ ਦਿਨ ਤਕ ਕਾਇਮ ਰਹਿੰਦੀ ਹੈ। ਇਸ ਦਾ ਇੱਕ ਦਿਨ 2,160,000,000 ਦੁਨਿਆਵੀ ਸਾਲਾਂ ਦੇ ਬਰਾਬਰ ਹੈ। ਇਸ ਤੋਂ ਬਾਅਦ ਦੁਨੀਆਂ ਦੀਆਂ ਸਾਰੀਆਂ ਵਸਤੂਆਂ ਅੱਗ ਨਾਲ ਸੜ ਜਾਂਦੀਆਂ ਹਨ। ਕੇਵਲ ਰਿਸ਼ੀ, ਦੇਵਤੇ ਅਤੇ ਸ੍ਰਿਸ਼ਟੀ ਦੇ ਬੀਜ ਹੀ ਜੀਵਤ ਰਹਿੰਦੇ ਹਨ। ਜਦੋਂ ਬ੍ਰਹਮਾ ਮੁੜ ਜਾਗਦਾ ਹੈ ਤਾਂ ਉਹ ਫੇਰ ਸ੍ਰਿਸ਼ਟੀ ਸਿਰਜ ਲੈਂਦਾ ਹੈ ਅਤੇ ਇਹ ਪ੍ਰਕਿਰਿਆ ਉਸ ਸਮੇਂ ਤੱਕ ਜਾਰੀ ਰਹਿੰਦੀ ਹੈ, ਜਦ ਤਕ ਉਸ ਦੀ ਹੋਂਦ ਦਾ ਇੱਕ ਸੌ ਸਾਲ ਪੂਰਾ ਨਹੀ ਹੋ ਜਾਂਦਾ। ਇਹਦੇ ਸੰਪੂਰਨ ਸਮੇਂ ਨੂੰ 15 ਸੰਖਿਆਵਾਂ ਵਿੱਚ ਲਿਖਿਆ ਜਾ ਸਕਦਾ ਹੈ।
ਆਪ ਇਹ ਵੀ ਆਖਦੇ ਹੋ ਕਿ ਜਦੋਂ ਬ੍ਰਹਮਾ ਦੀ ਹੋਂਦ ਦਾ ਸਮਾਂ ਸੰਪੂਰਨ ਹੁੰਦਾ ਹੈ ਤਾਂ ਉਸ ਵੇਲੇ ਸਭ ਕੁੱਝ ਬਿਨਸ ਜਾਂਦਾ ਹੈ। ਉਹ ਆਪ ਅਤੇ ਸਾਰੇ ਦੇਵਤੇ, ਰਿਸ਼ੀ ਤੇ ਸਮੁੱਚਾ ਬ੍ਰਹਿਮੰਡ ਆਪਣੇ ਤੱਤ ਰੂਪਾਂ ਵਿੱਚ ਬਦਲ ਜਾਂਦਾ ਹੈ। ਭਾਵ, ਜਿਵੇਂ ਕੋਈ ਮਿੱਟੀ ਦਾ ਘੜਾ ਟੁੱਟਣ ਤੇ ਉਸ ਵਿਚਲਾ ਸੀਮਤ ਅਕਾਸ਼ ਤੱਤ (ਖਾਲੀ-ਪਨ) ਖੁੱਲੇ ਤੇ ਵਿਆਪਕ ਅਕਾਸ਼ ਵਿੱਚ ਸਮਾ ਜਾਂਦਾ ਹੈ। ਤਿਵੇਂ ਹੀ ਸਮੂਹ ਜੀਅ-ਜੰਤਾਂ ਅਤੇ ਹੋਰ ਸਭੇ ਵਸਤੂਆਂ ਦੇ ਜੋ ਬਣਤਰੀ ਤੱਤ (ਪਵਣ, ਪਾਣੀ, ਅਗਨੀ, ਧਰਤੀ ਤੇ ਅਕਾਸ਼ ਆਦਿਕ) ਹਨ, ਉਹ ਵੱਖ ਵੱਖ ਹੋ ਕੇ ਆਪਣੇ ਆਪਣੇ ਕੁਦਰਤੀ ਮੂਲਿਕ ਰੂਪਾਂ ਵਿੱਚ ਲੀਨ ਹੋ ਜਾਂਦੇ ਹਨ।
ਸੋ ਇਸ ਲਈ ਸਪਸ਼ਟ ਹੈ ਕਿ ਬ੍ਰਹਮਾ ਜਾਂ ਕੋਈ ਹੋਰ ਦੇਵੀ-ਦੇਵਤਾ, ਜਿਨ੍ਹਾਂ ਦੇ ਤੁਸੀਂ ਆਪਣੇ ਆਪਣੇ ਨਿਸ਼ਚੇ ਅਨੁਸਾਰ ਨਾਮ ਲਏ ਹਨ, ਉਨ੍ਹਾਂ ਨੂੰ ਸ੍ਰਿਸ਼ਟੀ ਦੇ ਕਰਤਾ ਨਹੀ ਮੰਨਿਆਂ ਜਾ ਸਕਦਾ। ਕਿਉਂਕਿ, ਉਹ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਪੈਦਾ ਹੋਏ ਹਨ ਅਤੇ ਬਿਨਸਦੇ ਹਨ। ਜੇ ਤੁਹਾਡੇ ਮੁਤਾਬਿਕ ਬ੍ਰਹਮਾ` ਦੀ ਕੋਈ ਸਰੀਰਕ ਹੋਂਦ ਮੰਨੀ ਵੀ ਜਾਵੇ, ਤਾਂ ਵੀ ਉਹ ਅੰਡਜ ਖਾਣੀ ਦੀ ਪੈਦਾਇਸ਼ ਹੈ। ਉਸ ਨੂੰ ਪੈਦਾ ਕਰਨ ਵਾਲੀ ਸ਼ਕਤੀ ਕੋਈ ਹੋਰ ਹੈ, ਜਿਸ ਦੇ ਬਣਾਏ ਕਾਲ-ਰੂਪ ਕੁਦਰਤੀ ਨਿਯਮ ਮੁਤਾਬਿਕ ਬ੍ਰਹਮਾ ਵੀ ਆਪਣੀ ਉਮਰ ਭੋਗ ਕੇ ਮਰ ਜਾਂਦਾ ਹੈ। ਇਸੇ ਲਈ ਹੀ ਗਾਇਨ ਕੀਤੇ ਸ਼ਬਦ ਵਿੱਚ ਕਾਲ-ਨਿਯਮ ਦੀ ਸਬਲਤਾ ਦਾ ਜ਼ਿਕਰ ਕਰਨ ਵੇਲੇਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ` ਅਤੇ `ਚਉਧਰੀ ਰਾਜੇ ਨਹੀ ਕਿਸੈ ਮੁਕਾਮ` ਆਦਿਕ ਵਾਕਾਂ ਤੋਂ ਪਹਿਲਾਂ ਸਾਨੂੰ ਇਹ ਕਹਿਣਾ ਪਿਆ ਕਿ ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ`।।
ਦੂਜਾ ਰਿਹਾ ਸੁਆਲ, ਕਾਲ ਦੀ ਮਾਰ ਤੋਂ ਸਾਡੇ ਬਚਣ ਦਾ। ਭਾਈ! ਜੋ ਉਪਜੈ ਸੋ ਕਾਲਿ ਸੰਘਾਰਿਆ` ਦਾ ਰੱਬੀ ਹੁਕਮ ਅਥਵਾ ਕੁਦਰਤੀ ਨਿਯਮ ਅਟੱਲ ਤੇ ਸਾਰਿਆਂ ਲਈ ਇੱਕ ਸਮਾਨ ਹੈ। ਇਸ ਲਈ ਸਰੀਰਕ ਤੌਰ ਤੇ ਮੇਰਾ ਜਾਂ ਕਿਸੇ ਹੋਰ ਦਾ ਸਦਾ ਲਈ ਕਾਇਮ ਰਹਿ ਸਕਣਾ ਅਸੰਭਵ ਹੈ। ਪਰ, ਗਾਇਨ ਕੀਤੇ ਗਏ ਸ਼ਬਦ ਵਿੱਚਲੀ ਪੰਕਤੀ ‘‘ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ`` ਦਾ ਅਰਥ ਇਹ ਨਹੀ ਕਿ ਗੁਰ ਸ਼ਬਦ ਵਿਚਾਰਨ ਕਰਕੇ ਅਸੀਂ ਸਰੀਰਕ ਤੌਰ `ਤੇ ਮਰਨ ਤੋਂ ਬਚ ਗਏ ਹਾਂ। ਨਹੀਂ! ਨਹੀਂ! ਇਸ ਦਾ ਅਰਥ-ਭਾਵ ਇਹ ਹੈ ਕਿ ਜਗਤ ਵਿੱਚ ਜੇਹੜਾ ਜੇਹੜਾ ਵੀ ਜੀਵ ਜਨਮ ਲੈਂਦਾ ਹੈ ਤੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਨਹੀਂ ਵਸਾਂਦਾ। ਮੌਤ ਦੇ ਸਹਮ ਨੇ ਉਸ ਉਸ ਦਾ ਆਤਮਕ ਜੀਵਨ ਕਦੇ ਪਲਰਨ ਨਹੀਂ ਦਿੱਤਾ। ਪਰ, ਮੇਰੇ ਆਤਮਕ ਜੀਵਨ ਨੂੰ ਹਰੀ ਪਰਮਾਤਮਾ ਨੇ ਆਪ ਬਚਾ ਲਿਆ, ਕਿਉਂਕਿ, ਉਸ ਦੀ ਮਿਹਰ ਨਾਲ ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ।
ਭਾਈ! ਸਾਡੇ ਵਲੋਂ ਗੁਰਸ਼ਬਦ ਦੀ ਵਿਚਾਰ ਦੁਆਰਾ ਲੋਕਾਈ ਨੂੰ ਕਲਪਤ ਦੇਵੀ-ਦੇਵਤਿਆਂ ਦੀਆਂ ਬਿਨਸਨਹਾਰ ਮੂਰਤੀਆਂ ਦੀ ਪੂਜਾ ਛੁਡਵਾ ਕੇ ਅਕਾਲ-ਪੁਰਖੁ ਅਥਵਾ ਅਕਾਲ-ਮੂਰਤਿ` ਦੇ ਲੜ ਲਗਾਣ ਦਾ ਮਕਸਦ ਕਿਸੇ ਨੂੰ ਸਰੀਰਕ ਤੌਰ `ਤੇ ਕਾਲ ਦੀ ਮਾਰ ਤੋਂ ਬਚਾਉਣਾ ਨਹੀ। ਕਿਉਂਕਿ, ਜੀਵਾਂ ਦਾ ਜੰਮਣਾ ਮਰਨਾ ਜਾਂ ਆਉਣਾ ਜਾਣਾ ਇੱਕ ਸਮਾਨ ਵਰਤਨ ਵਾਲੀ ਰੱਬੀ ਰਜ਼ਾ ਹੈ। ਅਟੱਲ ਕੁਦਰਤੀ ਨੀਯਮ ਹੈ। ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ`। (ਪੰ. ੪੭੨) ਇਸ ਲਈ ਇਸ ਪੱਖੋਂ ਚਿੰਤਾਤੁਰ ਹੋਣਾਂ ਜਾਂ ਇਸ ਦੇ ਵਿਪਰੀਤ ਸੋਚਣਾ ਇੱਕ ਅਗਿਆਨਮਈ ਹਾਸੋ-ਹੀਣਾ ਕਰਮ ਹੈ। ਭਾਈ! ਚਿੰਤਾ ਉਸ ਦੀ ਗੱਲ ਦੀ ਹੋਣੀ ਚਾਹੀਦੀ ਹੈ, ਜਿਹੜੀ ਅਨਹੋਣੀ ਹੋਵੇ। ਸਰੀਰਕ ਮੌਤ ਤਾਂ ਹੋਣੀ ਹੈ, ਇਹ ਕੋਈ ਅਨਹੋਣੀ ਬਾਤ ਨਹੀ।
ਪਰ, ਕਿਸੇ ਮਨੁੱਖ ਦਾ ਅਗਿਆਨਤਾ ਵਸ ਸਰਬ ਵਿਆਪਕ ਕਰਤਾਰ ਨਾਲੋਂ ਟੁੱਟ ਕੇ ਵਿਕਾਰਾਂ ਦੇ ਟੇਟੇ ਚੜ੍ਹਦਿਆਂ ਆਪਣੇ ਮੂਲਿਕ ਦੈਵੀ ਗੁਣਾਂ (ਸਤ, ਸੰਤੋਖ, ਦਇਆ, ਨਿਮਰਤਾ ਅਤੇ ਨਿਰਭੈਤਾ ਤੇ ਨਿਰਵੈਰਤਾ ਆਦਿਕ) ਦਾ ਅਭਾਵ ਕਰ ਬੈਠਣਾ ਵੀ ਇੱਕ ਤਰ੍ਹਾਂ ਨਾਲ ਕਾਲ ਦੀ ਮਾਰ ਹੇਠ ਆਣ ਕੇ ਆਤਮਿਕ ਮੌਤੇ ਮਰਨਾ ਹੈ। ਮਾਨਵ ਸ਼੍ਰੇਣੀ ਲਈ ਇਹ ਇੱਕ ਅਨਹੋਣੀ ਘਟਨਾ ਹੈ।
ਕਿਉਂਕਿ, ਮੂਲਿਕ ਤੌਰ ਤੇ ਮਨੁੱਖ ਰੱਬੀ ਅਸਲੇ ਵਾਲਾ ਹੈ। ਇਹ ਗੁਣਨਿਧਾਨ ਪ੍ਰਭੂ ਦੀ ਅੰਸ਼ ਹੈ। ਪਰ, ਮਾਨਵ-ਸ਼੍ਰੇਣੀ ਦੀ ਬਦਕਿਸਮਤੀ ਹੈ ਕਿ ਇਸ ਪੱਖੋਂ ਹੋਰਨਾਂ ਦੀ ਗੱਲ ਤਾਂ ਛੱਡੋ, ਸਭ ਤੋਂ ਪਹਿਲਾਂ ਬ੍ਰਹਮਾ` ਹੀ ਗਿਆਨ ਦੇ ਹੰਕਾਰ ਵਿੱਚ ਫਸ ਕੇ ਆਤਮਿਕ ਮੌਤ (ਕਾਲ) ਦੀ ਲਪੇਟ ਵਿੱਚ ਆ ਗਿਆ, ਜਿਸ ਨੂੰ ਤੁਸੀਂ ਸਭ ਦਾ ਮੋਢੀ ਦੇਵਤਾ ਅਤੇ ਵੇਦ-ਅਭਿਆਸ ਅਥਵਾ ਵੇਦਿਕ-ਵਿਚਾਰਧਾਰਾ ਦਾ ਦਾ ਮੂਲ-ਮੋਢੀ ਮੰਨਦੇ ਹੋ।
ਕਿਉਂਕਿ, ਤੁਹਾਡੇ ਵੈਸ਼ਨਵ ਭਰਾ ਹੀ ਕਥਾ ਸਣਾਉਂਦੇ ਹਨ ਕਿ ਉਸ ਨੇ ਆਪਣੇ ਗੁਰੂ ਦੀ ਆਗਿਆ ਵਲ ਗਹੁ ਨਾਹ ਕੀਤਾ, (ਇਸ ਹਉਮੈ ਵਿੱਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਿਵੇਂ ਕਮਲ ਦੀ ਡੰਡੀ ਵਿਚੋਂ ਪੈਦਾ ਹੋ ਸਕਦਾ ਹਾਂ) ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਗਿਆ। ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿਚੋਂ ਬ੍ਰਹਮਾ ਜੰਮਿਆ ਸੀ, ਉਸ ਦਾ ਅੰਤ ਲੈਣ ਲਈ ਪਾਤਾਲ ਵਿੱਚ ਜਾ ਪਹੁੰਚਿਆ। ਪਰ, ਇਸ ਹਾਲਤ ਵਿੱਚ ਹਜ਼ਾਰਾਂ ਵਰ੍ਹੇ ਲੰਘ ਗਏ, ਬ੍ਰਹਮਾ ਕਮਲ ਦੀ ਡੰਡੀ ਦਾ ਅੰਤ ਨਾਹ ਲੱਭ ਸਕਿਆ ਤੇ ਆਖਿਰ ਉਸ ਨੂੰ ਸ਼ਰਮਿੰਦਾ ਹੋਣਾ ਪਿਆ। ਇਹ ਹਉਮੈ ਹੀ ਮੌਤ ਹੈ। ਇਸ ਲਈ ਅਸੀਂ ਸ਼ਬਦ ਵਿੱਚ ਆਖਿਆ ਹੈ:
ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ।। ਬ੍ਰਹਮ ਕਮਲੁ ਪਇਆਲਿ ਨ ਪਾਇਆ।। ਆਗਿਆ ਨਹੀ ਲੀਨੀ ਭਰਮਿ ਭੁਲਾਇਆ।। ੧।।
ਭਾਈ! ਮੁਕਦੀ ਗੱਲ ਤਾ ਇਹ ਹੈ ਕਿ ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ। ਕੋਈ ਮੌਤ ਦੇ ਸਹਮ ਤੇ ਹੰਕਾਰ ਦਾ ਮਾਰਿਆ ਹੈ, ਕੋਈ ਕਾਮ ਦਾ ਲਿਤਾੜਿਆ ਹੈ ਅਤੇ ਕੋਈ ਕ੍ਰੋਧ ਦਾ ਸਾੜਿਆ ਹੈ। ਜਿਵੇਂ, ਪ੍ਰਚਲਿਤ ਪੁਰਾਣਕ ਕਥਾ ਹੈ ਕਿ ਜਦੋਂ ਬ੍ਰਹਮਾ ਆਪਣੀ ਲੜਕੀ ਸਰਸ੍ਵਤੀ ਉਤੇ ਮੋਹਿਤ ਹੋ ਗਿਆ ਤਾਂ ਸ਼ਿਵ ਜੀ ਬ੍ਰਹਮਾ ਦਾ ਇਹ ਕੁਕਰਮ ਦੇਖ ਕੇ ਇਤਨੇ ਕ੍ਰੋਧਿਤ ਹੋਏ ਕਿ ਆਪਣੇ ਤ੍ਰਿਸੂਲ ਨਾਲ ਉਸ ਦਾ ਪੰਜਵਾਂ ਸਿਰ ਕੱਟ ਦਿੱਤਾ; ਸ਼ਿਵ ਜੀ ਤੋਂ ਇਹ ਬ੍ਰਹਮ-ਹੱਤਿਆ ਹੋ ਗਈ, ਉਹ ਖੋਪਰੀ ਹੱਥ ਦੇ ਨਾਲ ਚੰਬੜ ਗਈ; ਕਈ ਤੀਰਥਾਂ ਤੇ ਗਏ, ਆਖ਼ਰ ਕਪਾਲ-ਮੋਚਨ ਤੀਰਥ ਉਤੇ ਜਾ ਕੇ ਲੱਥੀ। ਮਨੂ ਜੀ ਦੀ ਕੀਤੀ ਵਰਣ-ਵੰਡ ਮੁਤਾਬਿਕ ਬ੍ਰਾਹਮਣ-ਗੁਰੂ ਦੀ ਅਗਵਾਈ ਵਿੱਚ ਜੀਊਣ ਵਾਲੀ ਵੈਸ਼Î ਜਾਤੀ ਵਿੱਚ ਪੈਦਾ ਹੋਏ ਨਿਰੰਕਾਰ ਦੇ ਇੱਕ ਭਗਤ ਤ੍ਰਿਲੋਚਨ ਜੀ ਨੇ ਇਸੇ ਲਈ ਕਿਸੇ ਸ਼ਿਵ-ਉਪਾਸ਼ਕ ਨਾਲ ਬਚਨ ਕੀਤੇ ਸਨ ਕਿ ਜਿਸ ਸ਼ਿਵ ਜੀ ਨੂੰ ਬਲੀ ਦੇਵ ਸਮਝ ਕੇ ਮੰਦਰਾਂ ਵਿੱਚ ਮੂਰਤੀਆਂ ਦੇ ਰੂਪ ਵਿੱਚ ਟਿਕਾ ਕੇ ਪੂਜਾ ਕਰਦੇ ਹੋ, ਉਸੇ ਬਾਬਤ ਇਹ ਭੀ ਆਖਦੇ ਹੋ ਕਿ ਜਦੋਂ ਬ੍ਰਹਮਾ ਆਪਣੀ ਹੀ ਲੜਕੀ ਉਤੇ ਮੋਹਿਤ ਹੋ ਗਿਆ, ਤਾਂ ਸ਼ਿਵ ਜੀ ਨੇ ਉਸ ਦਾ ਇੱਕ ਸਿਰ ਕੱਟ ਦਿੱਤਾ, ਤੇ, ਇਹ ਸਿਰ ਸ਼ਿਵ ਜੀ ਦੇ ਹੱਥ ਨਾਲ ਜੁੜ ਗਿਆ। ਕਈ ਤੀਰਥਾਂ ਤੇ ਭਟਕਦੇ ਫਿਰੇ, ਸਿਰ ਸ਼ਿਵ ਜੀ ਦੇ ਹੱਥ ਨਾਲੋਂ ਲਹਿੰਦਾ ਹੀ ਨਹੀਂ ਸੀ। ਦੱਸੋ, ਜੋ ਸ਼ਿਵ ਜੀ ਆਪ ਇਤਨੇ ਆਤੁਰ ਤੇ ਦੁਖੀ ਹੋਏ, ਤੁਹਾਡਾ ਕੀਹ ਸਵਾਰਨਗੇ?:
ਅਨਿਕ ਪਾਤਿਕ ਹਰਤਾ, ਤ੍ਰਿਭਵਣ ਨਾਥੁ ਰੀ, ਤੀਰਥਿ ਤੀਰਥਿ ਭ੍ਰਮਤਾ, ਲਹੈ ਨ ਪਾਰੁ ਰੀ।। ਕਰਮ ਕਰਿ ਕਪਾਲੁ ਮਫੀਟਸਿ ਰੀ।। (ਗੁ. ਗ੍ਰੰ. ਪੰ. ੬੯੫)
ਸ਼ਿਵ ਜੀ (ਮਹਾਂਕਾਲ) ਦੇ ਸ਼ਰਧਾਲੂ ਇੱਕ ਪਾਸੇ ਤਾਂ ਆਖਦੇ ਹਨ ਕਿ ਬ੍ਰਹਮਾ ਔਰ ਵਿਸ਼ਨੂੰ ਜੀ ਭੀ ਅਸੁਰੋਂ ਕੇ ਡਰ ਕਾਰਨ ਉਨ ਕੀ ਸ਼ਰਨ ਮੇਂ ਪਹੁੰਚੇ ਥੇ। ਕਿਉਂਕਿ, ਵੋਹ ਸਭ ਸੇ ਸ਼ਕਤੀਸ਼ਾਲੀ ਹੈਂ ਔਰ ਸਭੀ ਕਾ ਕਾਲ ਹੈਂ। ਸਭੀ ਕਾ ਅੰਤ ਕਰਨੇ ਵਾਲੇ ਹੈਂ। ਇਸੀ ਲੀਏ ਮਹਾਂਕਾਲ ਕੀ ਆਰਤੀ ਮੇਂ ਹਮ ਸੁਭਾ ਸ਼ਾਮ ਯੇਹ ਪਦੇ ਗਾਤੇ ਹੈ:
ਬ੍ਰਹਮਾ ਬਿਸਨ ਸਭੈ ਡਰ ਪਾਨੇ।। ਮਹਾਂਕਾਲ ਕੀ ਸਰਨ ਸਿਧਾਨੇ।।
ਪਰ, ਦੂਜੇ ਪਾਸੇ ਉਹੀ ਕਥਾ ਸੁਣਾਂਦੇ ਹਨ ਕਿ ਸ਼ਿਵ ਜੀ ਦਾ ਇੱਕ ਸ਼ਰਧਾਲੂ ਭਗਤ ਭਸਮਾਸੁਰ`, ਜਿਸ ਨੂੰ ਉਨ੍ਹਾਂ ਪ੍ਰਸੰਨ ਹੋ ਕੇ ਵਰ ਦਿੱਤਾ ਸੀ ਕਿ ਜਿਸ ਦੇ ਸਿਰ ਉੱਤੇ ਤੂੰ ਹੱਥ ਰਖੇਂਗਾ, ਉਹ ਭਸਮ ਹੋ ਜਾਉ। ਪਰ, ਉਨ੍ਹਾਂ ਦੇ ਇਸ ਭਗਤ ਦੀ ਜਦੋਂ ਸੁੰਦਰਤਾ ਦੀ ਮੂਰਤ ਅਤੇ ਕਿਲੇ ਵਾਂਗੂ ਮਜ਼ਬੂਤ (ਦੁਰਗਾ) ਮੰਨੀ ਜਾਂਦੀ ਪਾਰਬਤੀ ਮਾਈ (ਸ਼ਿਵ-ਸੁਪਤਨੀ) ਪ੍ਰਤੀ ਅੱਖ ਮੈਲੀ ਹੋਈ ਤੇ ਮਾਈ ਨੂੰ ਹਥਿਆਉਣ ਲਈ ਉਹ ਸ਼ਿਵ-ਜੀ ਹੁਰਾਂ ਨੂੰ ਭਸਮ ਕਰਨ ਲੱਗਾ ਤਾਂ ਉਹ ਭਸਮਾਸੁਰ ਤੋਂ ਆਪਣੀ ਜਾਨ ਬਚਾਣ ਲਈ ਪਹਾੜਾਂ ਵਿੱਚ ਉਹਦੇ ਅੱਗੇ ਅੱਗੇ ਭੱਜੇ ਫਿਰਦੇ ਰਹੇ। ਆਖਿਰ, ਪਾਰਬਤੀ ਨੇ ਆਪਣੀ ਚਾਲ ਨਾਲ ਉਨ੍ਹਾਂ ਦੀ ਜਾਨ ਬਚਾਈ। ਕਿਉਂਕਿ, ਉਸ ਨੇ ਤ੍ਰਿਯਾਚ੍ਰਿਤਿਰ ਰਚ ਕੇ ਭਸਮਾਸੁਰ ਨੂੰ ਆਖਿਆ ਕਿ ਤੈਨੂੰ ਐਵੇਂ ਭੁਲੇਖਾ ਹੈ ਕਿ ਤੇਰੇ ਹੱਥ ਰਖਣ ਨਾਲ ਕੋਈ ਭਸਮ ਹੋ ਸਕਦਾ ਹੈ। ਜੇ ਤੈਨੂੰ ਮੇਰੀ ਗੱਲ ਤੇ ਯਕੀਨ ਨਹੀ ਆਉਂਦਾ ਤਾਂ ਤੂੰ ਆਪਣੇ ਸਿਰ ਤੇ ਹੱਥ ਰੱਖ ਕੇ ਵੇਖ ਲੈ, ਜੇ ਇੱਕ ਰੋਮ ਭੀ ਭਸਮ ਹੋ ਸਕੇ! ਕਹਿੰਦੇ ਹਨ ਕਿ ਕਾਮਮੋਹਿਤ ਹੋਏ ਭਸਮਾਸੁਰ ਨੇ ਜਿਉਂ ਹੀ ਆਪਣੇ ਸਿਰ ਉੱਤੇ ਹੱਥ ਧਰਿਆ, ਉਹ ਓਥੇ ਹੀ ਭਸਮ ਹੋ ਗਿਆ। ਭਾਰਤ ਦੀਆਂ ਕਾਮੁਕ ਕਥਾਵਾਂ ਬਖਯਾਨ ਚਰਿਤ੍ਰ` ਦੇ ੧੪੧ਵੇਂ ਤ੍ਰਿਯਾ ਚਰਿਤ੍ਰ ਵਿੱਚ ਜ਼ਿਕਰ ਹੈ:
ਹਾਥ ਆਪਨੇ ਸਿਰ ਪਰ ਧਰਯੋ। ਛਿਨਿਕ ਬਿਖੈ ਮੂਰਖ ਜਰ ਬਰਯੋ। ਮਹਾਂਕਾਲ ਅਥਵਾ ਸ਼ਿਵ ਜੀ ਨਾਲ ਜੁੜੀਆਂ ਅਜਿਹੀ ਕਥਾਵਾਂ ਵੀ ਪ੍ਰਚਲਿਤ ਹਨ, ਜਿਹੜੀਆਂ ਉਨ੍ਹਾਂ ਨੂੰ ਅਤਿ ਦਰਜੇ ਦਾ ਕ੍ਰੋਧੀ ਦਰਸਾਂਦੀਆਂ ਹਨ। ਜਿਵੇਂ, ਕਿਹਾ ਜਾਂਦਾ ਹੈ ਕਿ ਪਾਰਬਤੀ ਨੇ ਆਪਣੇ ਸ਼ਰੀਰ ਦੀ ਮੈਲ ਤੋਂ ਇੱਕ ਬਾਲਕ ਬਣਾ ਕੇ ਆਪਣੇ ਘਰ ਦੇ ਦਰਵਾਜੇ ਮੂਹਰੇ ਪਹਿਰੇ ਲਈ ਬੈਠਾ ਦਿੱਤਾ। ਜਦੋਂ ਸ਼ਿਵ ਜੀ ਆਏ ਤਾਂ ਬਾਲਕ ਨੇ ਆਪਣਾ ਫਰਜ਼ ਪਛਾਣ ਕੇ ਅੰਦਰ ਜਾਣੋ ਰੋਕਿਆ। ਬੱਸ ਇਤਨੀ ਗੱਲ ਤੇ ਸ਼ਿਵ ਜੀ ਹੁਰਾਂ ਨੂੰ ਇਤਨਾ ਗੁਸਾ ਚੜ੍ਹਿਆ ਕਿ ਉਨ੍ਹਾਂ ਨੇ ਬਾਲਕ ਦਾ ਸਿਰ ਵੱਢ ਦਿੱਤਾ। ਪ੍ਰੰਤੂ, ਪਾਰਬਤੀ ਦਾ ਵਿਰਲਾਪ ਸੁਣ ਕੇ ਸ਼ਿਵ ਜੀ ਨੇ ਇੱਕ ਹਾਥੀ ਦਾ ਸਿਰ ਵੱਢ ਕੇ ਬਾਲਕ ਦੇ ਧੜ ਨਾਲ ਜੋੜ ਦਿੱਤਾ ਅਤੇ ਗਣੇਸ਼ ਉਹਦਾ ਨਾਮ ਥਾਪਿਆ। ਇਸ ਤੋਂ ਇਲਾਵਾ ਇਹ ਵੀ ਆਖਦੇ ਹੋ ਕਿ ਸ਼ਿਵ ਜੀ ਤੇ ਪਾਰਬਤੀ ਆਪਣੇ ਕਿਸੇ ਸ਼ਰਧਾਲੂ ਦੇ ਘਰ ਖਾਣਾ ਖਾਣ ਲਈ ਗਏ। ਪਰ, ਜਦੋਂ ਉਨ੍ਹਾਂ ਨੂੰ ਖਾਣਾ ਪਸੰਦ ਨਾ ਆਇਆ ਤਾਂ ਸਰਾਪ ਦੇ ਕੇ ਸ਼ਰਧਾਲੂ ਭੰਡਾਰੀ (ਭੰਡਾਰਾ ਕਰਨ ਵਾਲਾ) ਦਾ ਲੜਕਾ ਹੀ ਮਾਰ ਛੱਡਿਆ।
ਮਿਤਰੋ! ਖ਼ਿਮਾ ਕਰਨਾ। ਅਜੇਹੀਆਂ ਪ੍ਰਚਲਿਤ ਪੁਰਾਣਿਕ ਕਥਾਵਾਂ ਦੇ ਹਵਾਲੇ ਦੇ ਕੇ ਸਮਝਾਉਣ ਤੋਂ ਮੇਰਾ ਮਨੋਰਥ ਕਿਸੇ ਦੇ ਧਾਰਮਿਕ ਜਜ਼ਬਿਆਂ ਦਾ ਮਖੌਲ ਉਡਾ ਕੇ ਕਿਸੇ ਦੇ ਦਿਲ ਨੂੰ ਠੋਕਰ ਲਾਉਣਾ ਨਹੀ। ਕਿਉਂਕਿ, ਐਸੀ ਦੁਖਦਾਈ ਸੋਚ ਦਾ ਧਾਰਨੀ ਹੋ ਕੇ ਜੀਊਣਾ ਧਰਮ ਦਾ ਮਾਰਗ ਨਹੀ। ਮੇਰਾ ਮਤਲਬ ਤਾਂ ਕੇਵਲ ਸਚਾਈ ਨੂੰ ਪਰਗਟ ਕਰਦਿਆਂ ਕੁਰਾਹੇ ਪਏ ਲੋਕਾਂ ਨੂੰ ਜ਼ਿੰਦਗੀ ਦਾ ਸਹੀ ਮਾਰਗ ਦਰਸਾਉਣਾ ਹੈ। ਜਿਵੇਂ, ਭਗਤ ਬਾਬਾ ਨਾਮਦੇਵ ਜੀ ਕਿਸੇ ਸ਼ਿਵ ਉਪਾਸ਼ਕ ਪੁਜਾਰੀ ਅਤੇ ਸ਼੍ਰੀ ਤ੍ਰਿਲੋਚਨ ਜੀ ਨੇ ਆਪਣੀ ਜਿੰਦ ਨੂੰ ਸੰਬੋਧਨ ਕਰਕੇ ਵਿਸ਼ਨੂੰ ਭਗਤਾਂ ਨੂੰ ਸਮਝਾਂਦਿਆਂ ਆਖਿਆ ਹੈ:
ਪਾਂਡੇ ਤੁਮਰਾ ਮਹਾਦੇਉ, ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ।।  ਮੋਦੀ ਕੇ ਘਰ ਖਾਣਾ ਪਾਕਾ, ਵਾ ਕਾ ਲੜਕਾ ਮਾਰਿਆ ਥਾ।। {ਗੁ. ਗ੍ਰੰ. ਪੰ. 875}
ਜਿਸ ਦਾ ਭਾਵਾਰਥ ਹੈ ਕਿ ਹੇ ਪਾਂਡੇ! ਜਿਸ ਸ਼ਿਵ ਜੀ ਦੀ ਤੂੰ ਅਰਾਧਨਾ ਕਰਦਾ ਹੈਂ, ਉਸ ਨੂੰ ਬੜਾ ਕ੍ਰੋਧੀ ਵੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿੱਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ? ਤੇਰਾ ਸ਼ਿਵ ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ ਕਿ ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) ਪਰ, ਸ਼ਾਇਦ ਸ਼ਿਵ ਜੀ ਨੂੰ ਆਪਣੇ ਸ਼ਰਧਾਲੂ ਭੰਡਾਰੀ ਦਾ ਭੋਜਨ ਪਸੰਦ ਨਾ ਆਇਆ, ਜਿਸ ਲਈ ਉਹ ਨੇ ਸ੍ਰਾਪ ਦੇ ਕੇ ਭਡਾਰੀ ਦਾ ਮੁੰਡਾ ਹੀ ਮਾਰ ਛੱਡਿਆ।
ਭਗਤ ਤ੍ਰਿਲੋਚਨ ਜੀ ਆਖਦੇ ਹਨ ਕਿ ਤੁਸੀਂ ਵਿਸ਼ਨੂ ਦੀ (ਕ੍ਰਿਸ਼ਨ-ਮੂਰਤੀ ਦੀ) ਪੂਜਾ ਕਰਦੇ ਹੋ ਤੇ ਗੰਗਾ ਵਿੱਚ ਇਸ਼ਨਾਨ ਕਰਨ ਨੂੰ ਪੁੰਨ-ਕਰਮ ਸਮਝਦੇ ਹੋ। ਪਰ ਤੁਸੀ ਇਹ ਭੀ ਦੱਸਦੇ ਹੋ ਕਿ ਆਪਣੀ ਇਸਤ੍ਰੀ ਅਹੱਲਿਆ ਦੇ ਸੰਬੰਧ ਵਿੱਚ ਗੋਤਮ ਨੇ ਚੰਦ੍ਰਮਾ ਨੂੰ ਦਾਗ਼ ਲਾ ਦਿੱਤਾ ਸੀ, ਇਹ ਦਾਗ਼ ਚੰਦ੍ਰਮਾ ਦੇ ਮੱਥੇ ਉਤੇ ਉਸ ਦੇ ਕੁਕਰਮ ਦਾ ਕਲੰਕ ਹੈ। ਨਿੱਤ ਦਾ ਗੰਗਾ ਦਾ ਇਸ਼ਨਾਨ ਤੇ ਵਿਸ਼ਨੂ ਜੀ ਦਾ ਕ੍ਰਿਸ਼ਨ ਰੂਪ ਧਾਰ ਕੇ ਚੰਦ੍ਰਮਾ ਦੀ ਕੁਲ ਵਿੱਚ ਜੰਮਣਾ ਭੀ ਚੰਦ੍ਰਮਾ ਦੇ ਉਸ ਕਲੰਕ ਨੂੰ ਅਜੇ ਤਕ ਦੂਰ ਨਹੀਂ ਕਰ ਸਕੇ। ਦੱਸੋ; ਗੰਗਾ ਦੇ ਇਸ਼ਨਾਨ ਨਾਲ ਤੇ ਕ੍ਰਿਸ਼ਨ-ਮੂਰਤੀ ਦੀ ਪੂਜਾ ਕਰ ਕੇ ਤੁਹਾਡੇ ਪਾਪ ਤੇ ਕੁਕਰਮ ਕਿਵੇਂ ਧੁਪ ਜਾਣਗੇ? ਅਜਿਹੇ ਭਾਵਰਥ ਰਖਦੀ ਉਨ੍ਹਾਂ ਦੀ ਰਚਨਾ ਇਸ ਪ੍ਰਕਾਰ ਹੈ:
ਸੰਕਰਾ ਮਸਤਕਿ ਬਸਤਾ, ਸੁਰਸਰੀ ਇਸਨਾਨ ਰੇ।। ਕੁਲ ਜਨ ਮਧੇ ਮਿਲ੍ਹਿੋ ਸਾਰਗਪਾਨ ਰੇ।। ਕਰਮ ਕਰਿ ਕਲੰਕੁ ਮਫੀਟਸਿ ਰੀ।।1।। {ਗੁ. ਗ੍ਰੰ. ਪੰ. 695}
{ਪਦ-ਅਰਥ: ਸੰਕਰਾ ਮਸਤਕਿ-ਸ਼ਿਵ ਦੇ ਮੱਥੇ ਉਤੇ। ਸੁਰਸਰੀ-ਗੰਗਾ। ਰੇ-ਹੇ ਭਾਈ! ਮਧੇ-ਵਿਚ। ਮਿਲਿ੍ਹੋ-ਆ ਕੇ ਮਿਲਿਆ, ਜੰਮਿਆ। ਸਾਰਗਪਾਨ-ਵਿਸ਼ਨੂੰ। ਕਰਮ ਕਰਿ-ਕੀਤੇ ਕਰਮਾਂ ਦੇ ਕਾਰਨ। ਮਫੀਟਸਿ-ਨਾਹ ਫਿੱਟਿਆ, ਨਾਹ ਹਟਿਆ।
ਤੁਕ-ਅਰਥ: (ਹੇ ਮੇਰੀ ਜਿੰਦੇ! ) ਆਪਣੇ ਕੀਤੇ ਕਰਮਾਂ ਦੇ ਕਾਰਨ (ਚੰਦ੍ਰਮਾ ਦਾ) ਦਾਗ਼ ਨਾਹ ਹਟ ਸਕਿਆ; ਭਾਵੇਂ ਉਹ ਸ਼ਿਵ ਜੀ ਦੇ ਮੱਥੇ ਉਤੇ ਵੱਸਦਾ ਹੈ, ਨਿੱਤ ਗੰਗਾ ਵਿੱਚ ਇਸ਼ਨਾਨ ਕਰਦਾ ਹੈ, ਤੇ ਉਸੇ ਦੀ ਕੁਲ ਵਿੱਚ ਵਿਸ਼ਨੂ ਜੀ ਨੇ (ਕ੍ਰਿਸ਼ਨ-ਰੂਪ ਧਾਰ ਕੇ) ਜਨਮ ਲਿਆ ।}
ਸਮਦ੍ਰਿਸ਼ਟ ਭਗਤ-ਜਨਾਂ ਵਲੋਂ ਅਜਿਹੇ ਹਵਾਲੇ ਦੇਣ ਦਾ ਮਤਲਬ ਕਿਸੇ ਪੁਜਾਰੀ-ਪੰਡੇ ਦੇ ਇਸ਼ਟ ਦਾ ਮਖੌਲ ਉਡਾਉਣਾ ਨਹੀ। ਸਗੋਂ, ਕੇਵਲ ਇਹ ਸਮਝਾਉਣਾ ਹੈ ਕਿ ਜਿਹੜੇ ਇਸ਼ਟ ਲਈ ਉਪਾਸ਼ਕਾਂ ਵਲੋਂ ਆਪ ਹੀ ਐਸੀਆਂ ਕ੍ਰੋਧ ਭਰੀਆਂ ਅਤੇ ਇਸ਼ਟ ਦੀ ਅਸਮਰਥਾ ਨੂੰ ਪ੍ਰਗਟਾਂਦੀਆਂ ਕਹਾਣੀਆਂ ਸੁਣਾਈਆਂ ਜਾਣ, ਉਸ ਨਾਲ ਦਿਲੀ ਸਾਂਝ ਪਾ ਸਕਣੀ ਅਸੰਭਵ ਹੁੰਦੀ ਹੈ। ਐਸੇ ਇਸ਼ਟ ਅੱਗੇ ਡੰਡਾਉਤਾਂ ਕਰਨੀਆਂ ਤੇ ਆਰਤੀਆਂ ਉਤਾਰਨੀਆਂ ਅਜਿਹੇ ਫੋਕੇ ਕਰਮਕਾਂਡ ਬਣ ਕੇ ਹੀ ਰਹਿ ਜਾਂਦੀਆਂ ਹਨ, ਜਿਨ੍ਹਾਂ ਤੋਂ ਮਨੁਖ ਨੂੰ ਕੋਈ ਆਤਮਿਕ ਲਾਭ ਨਹੀ ਪਹੁੰਚਦਾ।
ਸੋ, ਮੇਰੇ ਖ਼ਿਆਲ ਅਨੁਸਾਰ ਕਿਸੇ ਵਲੋਂ ਬ੍ਰਹਮਾ ਜੀ ਤਰ੍ਹਾਂ ਹਉਮੈ ਹੰਕਾਰ ਵਿੱਚ ਫਸ ਕੇ ਰੱਬ ਨੂੰ ਭੁੱਲ ਜਾਣਾ ਅਤੇ ਕਾਮਾਤੁਰ ਹੋ ਕੇ ਪਿਉ-ਧੀ ਵਰਗੇ ਸਮਾਜਿਕ ਰਿਸ਼ਤਿਆਂ ਦੀ ਪਵਿਤਰਤਾ ਨੂੰ ਭੰਗ ਕਰ ਦੇਣਾ। ਸ਼ਿਵ ਜੀ ਵਾਂਗ ਛੋਟੀਆਂ ਛੋਟੀਆਂ ਗੱਲਾਂ ਤੇ ਕ੍ਰੋਧਿਤ ਹੋ ਕੇ ਆਪਣੀ ਹੋਸ਼ ਗਵਾਂਦਿਆਂ ਕਿਸੇ ਨੂੰ ਕਤਲ ਕਰ ਦੇਣ ਤੱਕ ਪਹੁੰਚ ਜਾਣਾ ਅਤੇ ਆਪ ਹਮੇਸ਼ਾ ਮੌਤ ਦੇ ਸਹਮ ਵਿੱਚ ਜੀਊਣਾ, ਆਤਮਿਕ ਤੌਰ ਤੇ ਕਾਲ ਦੀ ਮਾਰ ਹੇਠ ਆਉਣਾ ਹੈ। ਕਾਲ ਦੇ ਜਾਲ ਵਿੱਚ ਫਸਣਾ ਹੈ। ਅਸਲ ਵਿੱਚ ਇਹੀ ਹੈ ਆਤਮਕ ਮੌਤ ਅਤੇ ਅਜਿਹੀ ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਖ਼ਲਾਸੀ ਨਹੀਂ ਕਰਦੀ। ਇਸ ਆਤਮਕ ਮੌਤ ਤੋਂ ਬਚਿਆ ਹੋਇਆ ਸਿਰਫ਼ ਇੱਕ ਅਕਾਲਮੂਰਤਿ ਅਬਿਨਾਸੀ ਪਰਮਾਤਮਾ ਹੈ, ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ:
ਮਾਇਆ ਮੋਹੇ ਦੇਵੀ ਸਭਿ ਦੇਵਾ।। ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ।। ਓਹੁ ਅਬਿਨਾਸੀ ਅਲਖ ਅਭੇਵਾ।।2।।
ਭਾਈ! ਸਦਾ ਯਾਦ ਰੱਖੋ ਕਿ ਜਦੋਂ ਅਸੀਂ ਚਸਕਿਆਂ ਅਧੀਨ ਪਦਾਰਥਕ ਰਸ ਮਾਨਣ ਵਿੱਚ ਖਚਿਤ ਹੋ ਜਾਂਦੇ ਹਾਂ ਅਤੇ ਦੂਸਰਿਆਂ ਦੀ ਨਿੰਦਿਆ ਕਰਦੇ ਹਾਂ ਤਾਂ ਸਮਝੋ ਕਿ ਉਸ ਵੇਲੇ ਕਾਲ਼, ਜੀਭ ਦੀ ਰਾਹੀਂ ਸਾਨੂੰ ਆਪਣੇ ਜਾਲ ਵਿੱਚ ਫਸਾ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਪਰਾਇਆ ਰੂਪ ਤੱਕਣ ਦੇ ਕਾਰਨ ਅੱਖਾਂ ਦੀ ਰਾਹੀਂ ਅਤੇ ਬਿਖ ਭਰੇ ਸਾਕਤ ਗੀਤ ਤੇ ਚੁਗਲੀਆਂ ਆਦਿਕ ਸੁਣਨ ਕਰਕੇ ਕੰਨਾਂ ਦੀ ਰਾਹੀਂ, ਆਤਮਕ ਮੌਤ ਦਾ ਕਾਲ-ਜਾਲ ਜੀਵਾਂ ਦੇ ਸਿਰ ਉਤੇ ਸਦਾ ਹੀ ਤਣਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਜੀਵ ਦਿਨ ਰਾਤ ਆਤਮਕ ਜੀਵਨ ਦੇ ਗੁਣਾਂ ਤੋਂ ਲੁੱਟੇ ਜਾ ਰਹੇ ਹਨ। ਭਾਵ ਆਤਮਕ ਮੌਤੇ ਮਰ ਰਹੇ ਹਨ:
ਕਾਲੁ ਜਾਲੁ ਜਿਹਵਾ ਅਰੁ ਨੈਣੀ। । ਕਾਨੀ ਕਾਲੁ ਸੁਣੈ ਬਿਖੁ ਬੈਣੀ। । ਬਿਨੁ ਸਬਦੈ ਮੂਠੇ ਦਿਨੁ ਰੈਣੀ। 8।।
ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ-ਥਿਰ ਪ੍ਰਭੂ ਸਦਾ ਵੱਸਿਆ ਰਹਿੰਦਾ ਹੈ, ਜੋ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸਦਾ ਟਿਕਿਆ ਰਹਿੰਦਾ ਹੈ, ਆਤਮਕ ਮੌਤ ਦਾ ਸਹਮ ਉਸ ਵਲ ਕਦੇ ਤੱਕ ਭੀ ਨਹੀਂ ਸਕਦੀ। ਕਿਉਂਕਿ, ਉਹ ਸਦਾ ਪ੍ਰਭੂ ਦੇ ਗੁਣ ਗਾਂਦਾ ਹੈ। ਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰ-ਸ਼ਬਦ ਦੀ ਰਾਹੀਂ ਪ੍ਰਭੂ-ਚਰਨਾਂ ਵਿੱਚ ਸਦਾ ਲੀਨ ਰਹਿੰਦਾ ਹੈ:
ਹਿਰਦੈ ਸਾਚੁ ਵਸੈ ਹਰਿ ਨਾਇ। । ਕਾਲੁ ਨ ਜੋਹਿ ਸਕੈ ਗੁਣ ਗਾਇ। । ਨਾਨਕ ਗੁਰਮੁਖਿ ਸਬਦਿ ਸਮਾਇ। । 9।।14।।{ਪੰਨਾ227}
ਭਾਈ! ਮੈਂ ਤਾਂ ਇਸੇ ਲਈ ਹੀ ਐਸੇ ਤੀਰਥ ਅਸਥਾਨਾਂ ਦਾ ਭਰਮਣ ਕਰ ਰਿਹਾ ਹਾਂ ਕਿ ਲੋਕਾਈ ਨੂੰ ਸਮਝਾਇਆ ਜਾ ਸਕੇ ਕਿ ਮਾਨਵੀ ਕਮਜ਼ੋਰੀਆਂ ਤੋਂ ਸੰਪੂਰਨ ਤੌਰ ਤੇ ਰਹਿਤ ਕੇਵਲ ਇੱਕ ਨਿਰੰਕਾਰ ਪ੍ਰਭੂ ਹੀ ਹੈ, ਜਿਸ ਨੂੰ ਅਸੀਂ ਕਰਤਾ-ਪੁਰਖੁ, ਨਿਰਭਉ, ਨਿਰਵੈਰੁ, ਅਕਾਲਮੂਰਤਿ, ਅਜੂਨੀ ਸੈਭੰ ਆਦਿਕ ਵਿਸ਼ੇਸ਼ਣਾਂ ਨਾਲ ਯਾਦ ਕਰਦੇ ਹਾਂ। ਇਹੀ ਕਾਰਨ ਹੈ ਕਿ ਜਿਹੜੇ ਦੇਵੀ ਦੇਵਤਿਆਂ ਨੂੰ ਮੂਰਤੀਆਂ ਦੇ ਰੂਪ ਵਿੱਚ ਪੂਜਿਆ ਜਾ ਰਿਹਾ ਹੈ, ਉਨ੍ਹਾਂ ਨਾਲ ਉਪਰੋਕਤ ਕਥਾਵਾਂ ਵਿਚਲੀਆਂ ਚ੍ਰਤਿਰਹੀਨ ਅਜਿਹੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ, ਜਿਹੜੀਆਂ ਆਮ ਸੰਸਾਰੀਆਂ ਵਿੱਚ ਪਾਈਆਂ ਜਾਂਦੀਆਂ ਹਨ। ਉਹ ਸਾਰੇ ਦੇਵੀ-ਦੇਵਤੇ ਕਰਮ-ਚੱਕਰ ਵਿੱਚ ਫਸੇ ਦੁਖ ਭੋਗ ਰਹੇ ਹਨ। ਉਹ ਆਮ ਇਨਸਾਨਾਂ ਵਾਂਗੂੰ ਮਰਨ ਤੋਂ ਡਰਦੇ ਹੋਏ ਆਪਣੀ ਜਾਨ ਬਚਾਣ ਲਈ ਦੌੜਦੇ ਫਿਰਦੇ ਹਨ। ਵਿਕਾਰਾਂ ਦੀ ਮਾਰ ਨੇ ਉਨ੍ਹਾਂ ਦੇ ਜੀਵਨ ਨੂੰ ਦਾਗੀ ਕਰ ਛੱਡਿਆ ਹੈ। ਇਸ ਲਈ ਉਨ੍ਹਾਂ ਨੂੰ ਰੱਬ ਤਾਂ ਕੀ, ਰੱਬ-ਰੂਪ ਮੰਨ ਕੇ ਪੂਜਣਾ ਵੀ ਇੱਕ ਬਹੁਤ ਵੱਡੀ ਭੁੱਲ ਹੈ, ਕਿਉਂਕਿ, ਉਹਨਾਂ ਦੀ ਜ਼ਿੰਦਗੀ ਕੋਈ ਅਜਿਹਾ ਅਦੁਤੀ ਨਮੂਨਾ ਬਣਾ ਕੇ ਪੇਸ਼ ਨਹੀ ਕੀਤੀ ਜਾ ਸਕਦੀ, ਜੋ ਸੰਸਾਰ ਦੇ ਮਹਾਨ ਪੁਰਖਾਂ ਦੇ ਜੀਵਨ ਦੀ ਤਰ੍ਹਾਂ ਸਮਾਜ ਭਾਈਚਾਰੇ ਲਈ ਰੋਸ਼ਨ-ਮੁਨਾਰੇ ਦਾ ਕੰਮ ਦੇ ਸਕੇ।
ਸ਼ਾਇਦ ਇਹੀ ਕਾਰਨ ਹੈ ਕਿ ਭਗਤ ਨਾਮਦੇਵ ਜੀ ਵੀ ਉਚੀ ਉਚੀ ਇਹ ਹੋਕਾ ਦਿੰਦੇ ਰਹੇ ਕਿ ਭਾਈ! ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲਓ। ਕਿਉਂਕਿ, ਸੰਸਾਰ-ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ। ਉਹ ਹਮੇਸ਼ਾ ਇਹੀ ਆਖਦੇ ਰਹੇ ਕਿ ਭਾਈ! ਮੈਂ ਤਾਂ ਇੱਕ ਸੋਹਣੇ ਰਾਮ (ਜੋ ਸਾਰੇ ਰਮ ਰਿਹਾ ਹੈ) ਦਾ ਨਾਮ ਹੀ ਲਵਾਂਗਾ। ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿੱਚ ਦੇ ਦਿਆਂਗਾ। ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ। ਕਿਉਂਕਿ, ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ), ਉਹ ਵਧ ਤੋਂ ਵਧ ਭੈਰੋਂ ਵਰਗਾ ਭੂਤ ਹੀ ਬਣਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ, ਉਹ ਸੀਤਲਾ ਵਾਂਗ ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ।
ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ, ਉਹ ਵਧ ਤੋਂ ਵਧ ਜੋ ਕੁੱਝ ਹਾਸਲ ਕਰ ਸਕਦਾ ਹੈ, ਉਹ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ ਬਲਦ ਉਤੇ ਚੜ੍ਹਦਾ ਹੈ ਤੇ ਸ਼ਿਵ ਵਾਂਗ ਡਮਰੂ ਵਜਾਉਂਦਾ ਫਿਰਦਾ ਹੈ। ਜੋ ਮਨੁੱਖ ਪਾਰਬਤੀ (ਭਵਾਨੀ, ਦੁਰਗਾ, ਕਾਲਕਾ) ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ। (ਕਿਉਂਕਿ, ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ ।) ਉਹ ਹੈਰਾਨੀ ਭਰੇ ਸ਼ਬਦਾਂ ਨਾਲ ਕਹਿੰਦੇ ਰਹੇ ਕਿ ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ ਆਪਣੇ ਭਗਤਾਂ ਨੂੰ ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ।
ਗੁਰਦੇਵ ਜੀ ਨੇ ਆਪਣੇ ਮੋਢੇ ਤੇ ਲਟਕਾਈ ਪੋਥੀ ਵਿਚੋਂ ਉਪਰੋਕਤ ਭਾਵ ਰਖਦਾ ਨਾਮਦੇਵ ਜੀ ਦਾ ਹੇਠ ਲਿਖਿਆ ਸ਼ਬਦ ਵੀ ਪੜ੍ਹ ਕੇ ਸੁਣਾਇਆ, ਜਿਹੜਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 874 ਤੇ ਇਉਂ ਅੰਕਤ ਹੈ:
ਗੋਂਡ। । ਭੈਰਉ ਭੂਤ ਸੀਤਲਾ ਧਾਵੈ। । ਖਰ ਬਾਹਨੁ ਉਹੁ ਛਾਰੁ ਉਡਾਵੈ। । 1।।
ਹਉ ਤਉ ਏਕੁ ਰਮਈਆ ਲੈ ਹਉ। । ਆਨ ਦੇਵ ਬਦਲਾਵਨਿ ਦੈ ਹਉ। । 1।। ਰਹਾਉ। ।
ਸਿਵ ਸਿਵ ਕਰਤੇ ਜੋ ਨਰੁ ਧਿਆਵੈ। । ਬਰਦ ਚਢੇ ਡਉਰੂ ਢਮਕਾਵੈ। । 2।।
ਮਹਾ ਮਾਈ ਕੀ ਪੂਜਾ ਕਰੈ। । ਨਰ ਸੈ ਨਾਰਿ ਹੋਇ ਅਉਤਰੈ। । 3।।
ਤੂ ਕਹੀਅਤ ਹੀ ਆਦਿ ਭਵਾਨੀ। । ਮੁਕਤਿ ਕੀ ਬਰੀਆ ਕਹਾ ਛਪਾਨੀ। । 4।।
ਗੁਰਮਤਿ ਰਾਮ ਨਾਮ ਗਹੁ ਮੀਤਾ। । ਪ੍ਰਣਵੈ ਨਾਮਾ ਇਉ ਕਹੈ ਗੀਤਾ। । 5।।
ਭਗਤ ਜੀ ਦਾ ਸ਼ਬਦ ਸੁਣਾ ਕੇ ਸਤਿਗੁਰੂ ਜੀ ਆਖਿਆ ਕਿ ਮੈਂ ਆਪਣੀ ਪੋਥੀ ਵਿੱਚ ਇਹ ਸ਼ਬਦ ਇਸੇ ਲਈ ਲਿਖ ਲਿਆਂਦਾ ਹੈ। ਕਿਉਂਕਿ, ਇਹ ਸਾਡੇ ਇਸ ਨਿਸ਼ਚੇ ਦੀ ਪ੍ਰੋੜਤਾ ਕਰਦਾ ਹੈ ਕਿ ਅਸੀਂ ਸਾਰੇ ਇੱਕ ਅਕਾਲ-ਪੁਰਖ ਦਾ ਆਸਰਾ ਲੈ ਕੇ ਹੀ ਵਿਕਾਰਾਂ ਦੇ ਰੂਪ ਵਿੱਚ ਪੈਣ ਵਾਲੀ ਕਾਲ ਦੀ ਮਾਰ ਤੋਂ ਬਚ ਸਕਦੇ ਹਾਂ। ਕਾਰਨ ਇਹ ਹੈ ਕਿ ਉਹ ਕਾਲ ਦੀ ਹਰ ਪ੍ਰਕਾਰ ਦੀ ਮਾਰ ਤੋਂ ਉਚੇਰਾ ਹੈ। ਕਾਲ ਦਾ ਕੋਈ ਰੂਪ ਵੀ ਉਸ ਨੂੰ ਆਪਣੀ ਲਪੇਟ ਵਿੱਚ ਲੈਣ ਤੋਂ ਅਸਮਰਥ ਹੈ। ਇਸੇ ਲਈ ਅਕਾਲਮੂਰਤਿ ਪ੍ਰਭੂ ਦੇ ਸੋਹਲਿਆਂ ਵਿੱਚ ਦੈਵੀ ਗੀਤ ਇਉਂ ਗਾਏ ਹਨ:
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ। । ਤੂ ਪੁਰਖੁ ਅਲੇਖ ਅਗੰਮ ਨਿਰਾਲਾ। ।
ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ। । 3।।
ਅਰਥ: ਹੇ ਪ੍ਰਭੂ! ਤੂੰ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ। ਤੂੰ ਸਰਬ-ਵਿਆਪਕ ਹੈਂ। ਜਿਸ ਮਨੁੱਖ ਨੇ ਸੇਵਾ ਸੰਤੋਖ (ਵਾਲੇ ਜੀਵਨ) ਵਿੱਚ (ਰਹਿ ਕੇ) ਗੁਰੂ ਦੇ ਸ਼ਬਦ (ਜੁੜ ਕੇ) ਪੂਰਨ ਅਡੋਲ ਆਤਮਕ ਅਵਸਥਾ ਵਿੱਚ (ਟਿਕ ਕੇ) ਤੇਰੇ ਚਰਨਾਂ ਵਿੱਚ ਸੁਰਤਿ ਜੋੜੀ ਹੈ, ਉਸ ਦਾ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ। 3
ਤ੍ਰੈ ਵਰਤਾਇ ਚਉਥੈ ਘਰਿ ਵਾਸਾ। । ਕਾਲ ਬਿਕਾਲ ਕੀਏ ਇੱਕ ਗ੍ਰਾਸਾ। । ਨਿਰਮਲ ਜੋਤਿ ਸਰਬ ਜਗ ਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ। । 4।। {ਗੁ. ਗ੍ਰੰ. ਪੰ.
1038} ਅਰਥ: ਮਾਇਆ ਦੇ ਤਿੰਨ ਗੁਣਾਂ ਦਾ ਪਸਾਰਾ ਪਸਾਰ ਕੇ ਪਰਮਾਤਮਾ ਆਪ (ਇਹਨਾਂ ਤੋਂ ਉਤਾਂਹ) ਚੌਥੇ ਘਰ ਵਿੱਚ ਟਿਕਿਆ ਰਹਿੰਦਾ ਹੈ (ਜਿਥੇ ਤਿੰਨ ਗੁਣਾਂ ਦੀ ਪਹੁੰਚ ਨਹੀਂ ਹੋ ਸਕਦੀ) । ਜਨਮ ਤੇ ਮਰਨ ਉਸ ਨੇ ਇੱਕ ਗਿਰਾਹੀ ਕਰ ਲਏ ਹੋਏ ਹਨ (ਉਸ ਨੂੰ ਨਾਹ ਜਨਮ ਹੈ ਨਾਹ ਮੌਤ) । ਸਾਰੇ ਜੀਵਾਂ ਵਿੱਚ ਪਰਮਾਤਮਾ ਦੀ ਪਵਿੱਤ੍ਰ ਜੋਤਿ (ਚਾਨਣ ਕਰ ਰਹੀ ਹੈ), ਉਹ ਜਗਤ ਦੀ ਜ਼ਿੰਦਗੀ ਦਾ ਸਹਾਰਾ ਹੈ। ਜਿਸ ਮਨੁੱਖ ਨੂੰ ਗੁਰੂ ਨੇ ਇਕ-ਰਸ ਆਪਣੇ ਸ਼ਬਦ ਵਿੱਚ ਜੋੜਿਆ ਹੈ ਉਸ ਨੂੰ ਉਸ (ਜਗਜੀਵਨ) ਦਾ ਦੀਦਾਰ ਕਰਾ ਦਿੱਤਾ ਹੈ। 4

No comments: