''ਵਧਾਈਆਂ ਹੋਣ ਕਾਮਰੇਡਾ! ਆਖਰ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲੇ ਠੋਲੂ (ਸਿੱਕੇ) ਚਲਾ ਈ ਦਿੱਤੇ'' ਬਿੱਕਰ ਨੇ ਦੂਰੋਂ ਹੀ ਸ਼ਿੰਦੇ ਨੂੰ ਵਧਾਈ ਦਿੱਤੀ। ''ਅਮਲੀਆ! ਚਲੋ ਚੰਗਾ ਈ ਹੋਇਐ, ਜਿਵੇਂ ਕਹਿੰਦੇ ਹੁੰਦੇ ਨੇ ਬਈ ਦੇਰ ਆਏ ਪਰ ਦਰੁਸਤ ਆਏ'' ਸ਼ਿੰਦੇ ਨੇ ਬਿੱਕਰ ਨੂੰ ਤਖਤਪੋਸ਼ 'ਤੇ ਬੈਠਣ ਦਾ ਇਸ਼ਾਰਾ ਕੀਤਾ। ''ਪਰ ਭਾਈ! ਜਿਵੇਂ ਪੰਜਾਬੀ ਦੀ ਕਹਾਵਤ ਐ, ਬਈ ਬੱਕਰੀ ਦੁੱਧ ਤਾਂ ਦੇ ਦਿੰਦੀ ਐ, ਪਰ ਦਿੰਦੀ ਮੀਂਗਣਾ ਘੋਲ ਕੇ ਐ, ਉਹੋ ਜਿਹੀ ਹਾਲਤ ਸਾਡੀ ਸਰਕਾਰ ਦੀ ਐ, ਹੁਣ ਆਖਰ ਸ਼ਹੀਦ ਭਗਤ ਸਿੰਘ ਦੀ ਫੋਟੋ ਜੇ ਲਾਈ ਵੀ ਐ ਤਾਂ ਉਹ ਵੀ ਸਿਰਫ ਪੰਜ ਰੁਪਈਆਂ ਦੇ ਠੋਲੂ (ਸਿੱਕੇ) 'ਤੇ, ਹੋਰ ਤਾਂ ਹੋਰ ਫੋਟੋ ਵੀ ਟੋਪੀ ਵਾਲੇ ਭਗਤ ਸਿੰਘ ਦੀ ਲਾਈ ਐ'' ਬਾਬਾ ਲਾਭ ਸਿੰਘ ਨੂੰ ਟੋਕਦਿਆਂ ਬਿੱਕਰ ਬੋਲਿਆ ''ਓ ਬਾਬਾ ਜੀ! ਤੁਸੀਂ ਭੋਲੀਆਂ ਗੱਲਾਂ ਕਰਦੇ ਓ, ਪੱਗ ਵਾਲਾ ਸ਼ਹੀਦ ਭਗਤ ਸਿੰਘ ਤਾਂ ਸਰਕਾਰ ਨੂੰ ਵੀ ਪਸੰਦ ਨਈਂ, ਏਸੇ ਕਰਕੇ ਈ ਟੋਪੀ ਵਾਲਾ ਭਗਤ ਸਿੰਘ ਠੋਲੂ 'ਤੇ ਛਾਪਿਆ ਗਿਐ'' ਬਿੱਕਰ ਦੀ ਇਸ ਗੱਲ 'ਤੇ ਕੁੱਝ ਸੋਚਣ ਤੋਂ ਬਾਅਦ ਬਾਬਾ ਲਾਭ ਸਿੰਘ ਬੋਲਿਆ ''ਪੁੱਤਰੋ! ਸ਼ਹੀਦ ਭਗਤ ਸਿੰਘ ਬਾਰੇ ਵੀ ਬਹੁਤਾ ਸਾਰਾ ਇਹੋ ਜਿਹਾ ਕੁਛ ਐ ਜੋ ਅਸਲ 'ਚ ਹੈ ਕੁਛ ਹੋਰ ਸੀ ਤੇ ਬਾਹਰ ਕੁਛ ਹੋਰ ਪ੍ਰਚਾਰਿਆ ਜਾ ਰਿਹੈ, ਕਦੇ ਆਰੀਆ ਸਮਾਜੀ, ਕਦੇ ਨਾਸਤਿਕ ਅਤੇ ਕਈ ਹੋਰ ਦਾਇਰਿਆਂ 'ਚ ਸ਼ਹੀਦ ਭਗਤ ਸਿੰਘ ਨੂੰ ਕੈਦ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ, ਸ਼ਹੀਦ ਭਗਤ ਸਿੰਘ ਦੀ ਸਰਦਾਰੀ ਵਾਲੀ ਦਿੱਖ ਨਾਲ ਪਤਾ ਨਈਂ ਕੁਛ ਲੋਕਾਂ ਨੂੰ ਕੀ ਚਿੜ ਐ'' ਬਾਬਾ ਲਾਭ ਸਿੰਘ ਦੀ ਇਸ ਗੱਲ 'ਤੇ ਸ਼ਿੰਦੇ ਨੇ ਟਿੱਪਣੀ ਕੀਤੀ ''ਬਾਬਾ ਜੀ! ਅਸਲ ਗੱਲ ਤਾਂ ਇਹ ਐ ਬਈ ਸ਼ਹੀਦ ਭਗਤ ਸਿੰਘ ਦੀ ਵਿਧਾਰਧਾਰਾ ਨਾਲ ਭਾਵੇਂ ਕਿਸੇ ਦੀ ਵੀ ਸਹਿਮਤੀ ਹੋਵੇ ਤੇ ਭਾਵੇ ਨਾ, ਪਰ ਸ਼ਹੀਦ ਭਗਤ ਸਿੰਘ ਨੂੰ ਵੇਚਣਾ ਹਰ ਕੋਈ ਚਾਹੁੰਦੈ, ਕਾਮਰੇਡਾ, ਕਾਂਗਰਸੀਆਂ , ਅਕਾਲੀਆਂ ਸਮੇਤ ਮਾਨ ਸਾਹਬ ਤੇ ਮਨਪ੍ਰੀਤ ਬਾਦਲ ਹੋਰਾਂ ਨੇ ਸ਼ਹੀਦ ਭਗਤ ਸਿੰਘ ਤੇ ਆਪੋ ਆਪਣੇ ਹਿਸਾਬ ਨਾਲ ਰਾਜਨੀਤੀ ਕੀਤੀ ਐ ਤੇ ਦੂਜੇ ਪਾਸੇ ਆਹ ਤਸਵੀਰਾਂ ਵੇਖ ਲਓ ਜੋ ਸ਼ਹੀਦ ਭਗਤ ਸਿੰਘ ਦੀਆਂ ਅੱਜ-ਕੱਲ੍ਹ ਦੇ ਨੌਜਵਾਨ ਮੋਟਰ ਸਾਇਕਲਾਂ 'ਤੇ ਲਾਈ ਫਿਰਦੇ ਨੇ, ਕਿਸੇ 'ਚ ਮੁੱਛਾਂ ਨੂੰ ਮਰੋੜੇ ਦਿੰਦੀ ਫੋਟੋ ਥੱਲੇ ਮਿੱਤਰਾਂ ਦੀ ਮੁੱਛ ਦਾ ਸਵਾਲ ਐ ਲਿਖੀ ਫਿਰਦੇ ਨੇ ਤੇ ਕਿਤੇ ਤਖਤਿਆਂ (ਦਰਵਾਜੇ) ਦੇ ਮੂਹਰੇ ਸ਼ਹੀਦ ਭਗਤ ਸਿੰਘ ਪਿਸਤੌਲ ਲਈ ਐਂ ਖੜਾ੍ਹ ਦੇਖਾਇਆ ਜਾਂਦਾ ਜਿਵੇਂ ਉਹਦੇ ਹਰ ਵੇਲੇ ਸਿਰ 'ਤੇ ਖੂਨ ਈ ਸਵਾਰ ਹੋਵੇ। '' ਸਿੰਦੇ ਦੀ ਇਸ ਗੱਲ ਨੇ ਸਾਰੇ ਸੋਚੀਂ ਪਾ ਦਿੱਤੇ ।
1 comment:
he is jst not worth of this his price is hundred thousand times more than the written price...only gandhi can be printed on a re note
Post a Comment