Total Pageviews

Wednesday, January 4, 2012

ਦਸ਼ਮੇਸ਼ ਪਿਤਾ ਦੇ ਨਾਂ...

ਦਸ਼ਮੇਸ਼ ਪਿਤਾ ਦੇ ਨਾਂ...
ਅੱਜ ਤੋਂ ਤਿੰਨ ਕੁ ਸੌ ਸਾਲ ਪਹਿਲਾਂ
ਕੇਸਗੜ੍ਹੋਂ ਜਦੋਂ ਸਾਨੂੰ ਲਲਕਾਰਿਆ ਸੀ
ਗਲੀ ਯਾਰ ਦੀ ਤਲੀ ਤੇ ਸੀਸ ਧਰ ਲੈ
ਸੁੱਤੀ ਪਈ ਤੂੰ ਅਣਖ ਨੂੰ ਵੰਗਾਰਿਆ ਸੀ..
ਮੁਰਦਾ ਸਦੀਆਂ ਤੋਂ ਤੁਹਾਡੀ ਜ਼ਮੀਰ ਵੇਖੀ
ਦੱਸਣ ਲੱਗਿਐਂ ਜਿਊਣ ਦਾ ਢੰਗ ਸਿੱਖੋ
ਜਿਹੜੀ ਆਈ ਐ ਚੜ੍ਹਕੇ ਕਾਬਲਾਂ ਤੋਂ
ਕਿੰਞ ਮੋੜਨੀ ਪਾਪ ਦੀ ਜੰਞ ਸਿੱਖੋ
ਮਿਹਰ ਅਕਾਲ ਦੀ ਕੋਈ ਨਹੀਂ ਘਾਟ ਇਥੇ
ਕਿਸੇ ਚੀਜ਼ ਦੀ ਕੋਈ ਨਾ ਥੋੜ ਮੈਨੂੰ
ਇੱਕੋ ਮੰਗ ਕੋਈ ਗੁਰੂ ਦਾ ਸਿੱਖ ਉਠੋ
ਇੱਕ ਸਿਰ ਦੀ ਪੈ ਗਈ ਅੱਜ ਲੋੜ ਮੈਨੂੰ
ਬੜੇ ਬੈਠੇ ਸੀ ਉਦੋਂ ਤਮਾਸ਼ਬੀਨ ਉਥੇ
ਉਂਝ ਗਿਣਤੀ ਸੀ ਅੱਸੀ ਹਜ਼ਾਰ ਸੁਣਿਆਂ
ਪਹਿਲੀ ਵਾਰ ਜਦ ਸੀਸ ਦੀ ਤੂੰ ਮੰਗ ਕੀਤੀ
ਬਹੁਤੇ ਹੋ ਗਏ ਉਦੋਂ ਈ ਫ਼ਰਾਰ ਸੁਣਿਆਂ
ਵੈਰੀ ਆਟੇ ਦੇ ਜਿਹੜੇ ਸੀ ਸਿੱਖ ਤੇਰੇ
ਮਾਤਾ ਗੁਜ਼ਰੀ ਕੋਲ ਬੇਨਤੀਆਂ ਕਰਨ ਲੱਗੇ
ਕੀ ਹੋਇਆ ਅੱਜ ਮਾਤਾ ਤੇਰੇ ਲਾਲ ਤਾਈਂ
ਬਿਨਾਂ ਕਸੂਰੋਂ ਕਿਉਂ ਸਿੱਖ ਅੱਜ ਮਰਨ ਲੱਗੇ
ਕੇਸਗੜ੍ਹ ਦੇ ਕਿਲ੍ਹੇ ਵਿੱਚ ਵੇਖ ਤਾਂ ਸਹੀ
ਕਿੰਞ ਧਰਤੀ ਏ ਲਹੂ ਲੁਹਾਨ ਹੋਈ
ਖ਼ਤਮ ਕਰਦੇ ਨਾਂ ਸਿੱਖੀ ਜਾ ਕੇ ਰੋਕ ਉਹਨੂੰ
ਤੇਰੇ ਗੋਬਿੰਦ ਤੇ ਚੰਡੀ ਕਹਿਰਵਾਨ ਹੋਈ
ਨੀਂਹ ਸਿੱਖੀ ਦੀ ਪੱਕੀ ਬਾਪੂ ਕਰਨ ਲੱਗਿਆ
ਉਹ ਕਹਿੰਦੇ ਸਿੱਖੀ ਨੂੰ ਗੋਬਿੰਦ ਮੁਕਾਈ ਜਾਂਦੈ
ਗੁਰੂ ਨਾਨਕ ਦਾ ਇਹ ਗੱਦੀ ਨਸ਼ੀਨ ਕੈਸਾ
ਜਿਹੜਾ ਆਪਣੇ ਈ ਸਿੱਖ ਝਟਕਾਈ ਜਾਂਦੈ
ਕੀ ਹੋ ਗਿਆ ਚੋਣਾਂ ਜੇ ਅੱਜ ਹਾਰ ਗਏ ਆਂ
ਭੋਲੀ ਦੁਨੀਆਂ ਤੇ ਕੋਈ ਨਹੀਂ ਰੰਜ ਬਾਪੂ
ਕੇਸਗੜ੍ਹ ਉਦੋਂ ਤੇਰੀ ਲਲਕਾਰ ਸੁਣਕੇ
ਵੋਟਾਂ ਪਈਆਂ ਸੀ ਤੈਨੂੰ ਵੀ "ਪੰਜ" ਬਾਪੂ
ਉਹਨਾਂ ਪੰਜਾਂ 'ਚੋ ਚੁਣਿਆ ਤੂੰ ਪੰਥ ਜਿਹੜਾ
ਕਿਹੜੀ ਮੌਤ ਨਹੀਂ ਮਾਰਿਆ ਦੱਸ ਜ਼ਾਲਮਾਂ ਨੇ
ਹੁਨਰ ਜਿਊਣ ਦਾ ਦੱਸਿਆ ਤੂੰ ਜਿਉਂ ਰਹੇ ਆਂ
ਕਿਸੇ ਪਾਸਿਓਂ ਨਹੀਂ ਕੀਤੀ ਘੱਟ ਜ਼ਾਲਮਾਂ ਨੇ
ਜੇ ਨਾ ਉਦੋਂ ਤੂੰ ਪੰਜਾਂ ਦੀ ਚੋਣ ਕਰਦਾ
ਗੱਲ ਇੱਕ ਤਾਂ ਬਾਪੂ ਇਹ ਤੈਅ ਹੁੰਦੀ
ਬੇਦਰਦ ਉਸ ਦਿੱਲੀ ਦੇ ਤਖ਼ਤ ਉੱਤੇ
"ਇੰਦਰਾ" ਨਾਂ ਦੀ ਕੋਈ ਨਾ ਸ਼ੈਅ ਹੁੰਦੀ
ਹਾਂ ਹੋ ਸਕਦੈ ਅਬਦਾਲੀ ਦੇ ਦਰਬਾਰ ਅੰਦਰ
ਠੁਮਕਾ ਕਦੇ ਤਾਂ "ਮੁਹਤਰਮਾ" ਜ਼ਰੂਰ ਲਾਉਂਦੀ
ਨਜ਼ਰਾਨੇ, ਸ਼ੁਕਰਾਨੇ ਵਸੂਲਦੀ ਖ਼ੁਸ਼ ਹੋ ਕੇ
ਲੈ ਕੇ ਹੁੱਕਾ ਵੀ ਕਦੇ ਜ਼ਰੂਰ ਆਉਂਦੀ
ਲਾਲ ਕਿਲ੍ਹੇ ਤੇ ਝੂਲਦਾ ਚੰਦ ਤਾਰਾ
ਗੱਡਦਾ ਉਦੋਂ ਨਾ ਜੇ ਕੇਸਰੀ ਨਿਸ਼ਾਨ ਸਾਹਿਬਾ
ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ
ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ
ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ
ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ
ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ
ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ
ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ
ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ
ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ
ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ
ਮਿਹਰਵਾਨ ਹੋ ਅੱਜ ਫੇਰ ਕੌਮ ਉੱਤੇ
ਕੇਸਗੜ੍ਹੋਂ ਤੂੰ ਫੇਰ ਲਲਕਾਰ ਸਾਹਿਬਾ
ਬੈਠੇ ਗੋਲਕਾਂ ਦੇ ਵੱਲ ਮਾੜੀ ਨੀਤ ਵੇਖਣ
ਉਦੋਂ ਨਾਲੋਂ ਵੱਧ ਕਈ ਹਜ਼ਾਰ ਸਾਹਿਬਾ
"Singh" ਖੜ੍ਹਾ ਤੇਰੇ ਦਰ ਤੋਂ ਭੀਖ ਮੰਗੇ
ਆਪਣੀ ਕੌਮ ਦੇ ਫੇਰ ਅੱਜ ਦੁੱਖ ਹਰ ਲਏ
ਵਾਜ਼ਾਂ ਵਾਲਿਆ ਪੰਥ ਦੇ ਬਾਲੀਆ ਉਏ
ਇੱਕ ਵਾਰ ਫੇਰ "ਪੰਜਾਂ" ਦੀ ਚੋਣ ਕਰ ਲਏ



No comments: