Total Pageviews

Wednesday, February 8, 2012

ਛੱਬੀ ਜਨਵਰੀ

ਛੱਬੀ ਜਨਵਰੀ

ਉਸ ਵਿਚ ਦੇਸ਼ ਭਗਤੀ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ। aੁਹ ਆਪਣੇ ਦੇਸ਼ ਲਈ ਕੁੱਝ ਵੀ ਕਰਨ ਨੂੰ ਤਿਆਰ ਰਹਿੰਦਾ ਸੀ। ਭਾਵੇ ਉਹ ਪੰਜਾਬੀ ਸੀ, ਪਰ ਪਹਿਲਾਂ ਉਹ ਆਪਣੇ ਆਪ ਨੂੰ ਹਿੰਦੁਸਤਾਨੀ ਸਮਝਦਾ ਸੀ। ਫੌਜ ਵਿਚ ਹੋਣ ਕਾਰਣ ਸਾਰਾ ਪਿੰਡ ਉਸ ਨੂੰ ਫੌਜੀ ਹੀ ਕਹਿੰਦਾ ਸੀ। ਜਦੋ ਉਹ ਛੁੱਟੀ ਆਉਂਦਾ ਸਾਰੇ ਪਿੰਡ ਵਿਚ ਜਿਵੇਂ ਇਕ ਰੌਂਣਕ ਆ ਜਾਂਦੀ। ਪਿੰਡ ਦੇ ਨੋਜਵਾਨ ਮੁੰਡੇ ਅਤੇ ਬਜੁਰਗ ਉਸ ਦੇ ਆਲੇ- ਦੁਆਲੇ ਜਗਤੇ ਦੀ ਹੱਟੀ ਅੱਗੇ ਇਕੱਠੇ ਹੋ ਕੇ ਉਸ ਤੋਂ ਫੌਜ ਦੀਆਂ ਗੱਲਾਂ ਸੁਣਦੇ। ਜਦੋ ਉਹ ਬਹਾਦਰ ਪੰਜਾਬੀਆਂ ਦੀਆਂ ਕਹਾਣੀਆਂ ਸਣਾਉਦਾਂ ਤਾਂ ਉਸ ਦਾ ਮੂੰਹ ਲਾਲ ਹੋ ਜਾਂਦਾ। ਪੈਂਹਠ ਅਤੇ ਸੱਤਰ ਦੀਆਂ ਲੜਾਈਆਂ ਦਾ ਜਿੱਤ ਦਾ ਸਿਹਰਾ ਪੰਜਾਬੀਆਂ ਨੂੰ ਹੀ ਦਿੰਦਾਂ। ਉਹ ਜਦੋ ਹਰਜੀਤ ਸਿੰਘ ਪਾਈਲਟ ਦੀ ਗੱਲ ਕਰਦਾ ਤਾਂ ਕਹਿੰਦਾਂ,
"ਹਰਜੀਤ ਸਿੰਘ ਤਾਂ ਖਤਰਨਾਕ ਥਾਂਵਾ ਉੱਪਰ ਬੰਬ ਸੁੱਟ ਕੇ ਇੰਜ ਵਰਦੀਆਂ ਗੋਲੀਆਂ ਵਿਚੋ ਮੁੜ ਆaੁਂਦਾ ਸੀ ਜਿਵੇਂ ਲਾਗਲੇ ਪਿੰਡ ਦਾ ਹੀ ਚੱਕਰ ਕੱਢ ਕੇ ਆਇਆ ਹੋਵੇ।"
ਉਹ ਐਸੀਆਂ ਗੱਲਾਂ ਸਣਾਉਦਾ ਕੇ ਮੁੰਡੇ ਸਾਰੀ ਦੁਪਹਿਰ ਉਸ ਕੋਲ ਹੀ ਬਿਤਾਂਦੇ। ਜਦੋਂ ਉਨ੍ਹਾਂ ਦੀਆਂ ਮਾਂਵਾਂ ਘਰ ਦੇ ਕੰਮਾਂ ਲਈ ਅਵਾਜ਼ਾ ਮਾਰਦੀਆਂ ਤਾਂ ਕਿਤੇ ਉਹ ਜਾਂਦੇ। ਫੌਜੀ ਦੀ ਜ਼ਮੀਨ ਥੋੜੀ ਕਰਕੇ ਵਿਆਹ ਵੀ ਉਸਦਾ ਦੇਰ ਨਾਲ ਹੀ ਹੋਇਆ ਸੀ। ਪਰ ਉਸ ਨੇ ਆਪਣੀ ਮਿਹਨਤ ਨਾਲ ਸੁਹਣਾ ਘਰ-ਬਾਰ ਬਣਾ ਲਿਆ ਸੀ। ਹੁਣ ਉਸਦੀ ਗਿਣਤੀ ਪਿੰਡ ਦੇ ਰੱਜੇ ਪੁਜੇ ਬੰਦਿਆਂ ਵਿਚ ਹੁੰਦੀ ਸੀ।
ਜਦੋਂ ਉਸ ਦੇ ਆਲੇ- ਦੁਆਲੇ ਸਿਰਫ਼ ਨੋਜਵਾਨ ਹੀ ਹੁੰਦੇ, ਉਹ ਆਪਣੇ ਪਿਆਰ ਦੀ ਕੋਈ ਪੁਰਾਣੀ ਕਹਾਣੀ ਸੁਣਾਂਉਦਾ। ਜਦੋ ਉਹ ਮਦਰਾਸ ਵਿਚ ਸੀ। ਇੱਕ ਕੁੜੀ ਜੋ ਕਿ ਨਰਸ ਸੀ, ਉਸ ਨੂੰ ਪਿਆਰ ਕਰਨ ਲੱਗ ਪਈ।ਉਹਨਾਂ ਵਿਚੋਂ ਹੀ ਕੋਈ ਮਨਚਲਾ ਜਵਾਨ ਪੁਛੱਦਾ, "ਚਾਚਾ ਜੀ, ਤੁਸੀ ਉਸ ਨਾਲ ਵਿਆਹ ਕਿਉਂ ਨਹੀ ਕਰਵਾਇਆ?"
"ਉਹਦੇ ਘਰ ਦੇ ਹੀ ਨਹੀ ਮੰਨੇ।" ਉਹ ਦੁੱਖ ਜਿਹੇ ਨਾਲ ਕਹਿੰਦਾ, " ਉਸ ਨੂੰ ਸਰਦਾਰ ਚੰਗੇ ਲਗਦੇ ਸਨ। ਉਸ ਨੂੰ ਸਰਦਾਰਾਂ ਦੀ ਖੁੱਲਦਿਲੀ ਅਤੇ ਬਹਾਦਰੀ ਨਾਲ ਬਹੁਤ ਪਿਆਰ ਸੀ।"
ਪਿੰਡ ਵਿਚ ਇਕ ਵਾਰੀ ਪੰਚਾਇਤ ਹੋਈ। ਚੋਰੀ ਦਾ ਕੇਸ ਸੀ। ਕੋਈ ਨੋਜਵਾਨ ਰਾਤ ਨੂੰ ਲਾਗਲੇ ਪਿੰਡਾਂ ਵਿਚ ਚੋਰੀ ਕਰਦਾ ਸੀ। ਪੰਚਾਇਤ ਦਾ ਇਕ ਮੈਂਬਰ ਇਸ ਕੇਸ ਬਾਰੇ ਗੱਲ ਕਰਦਾ ਕਹਿਣ ਲੱਗਾ,
" ਆਪਣਾ ਦੇਸ਼ ਹੀ ਮਾੜਾ ਹੈ, ਨੋਜਵਾਨਾਂ ਨੂੰ ਨੋਕਰੀਆਂ ਤਾਂ ਦੇ ਨਹੀ ਸਕਦਾ, ਜਵਾਨਾਂ ਨੇ ਚੋਰੀਆਂ ਹੀ ਕਰਨੀਆਂ।"
ਇਹ ਗੱੱੱਲ ਸੁਣ ਕੇ ਫੋਜੀ ਇਕਦਮ ਗੁੱਸੇ ਵਿਚ ਬੋਲਿਆ, "ਤਾਇਆ, ਦੇਸ਼ ਨੂੰ ਮਾੜਾ ਮੁੜ ਕੇ ਨਾ ਕਹੀਂ। ਨਹੀ ਤਾਂ ਮੇਰੇ ਤੋਂ ਬੁਰਾ ਕੋਈ ਨਹੀ ਹੋਵੇਗਾ।"
ਸਾਰੇ ਤਾਏ ਨੂੰ ਹੀ ਕਹਿਣ ਲੱਗ ਪਏ ਕਿ ਉਸ ਨੂੰ ਫੌਜੀ ਦੇ ਸਾਹਮਣੇ ਦੇਸ਼ ਨੂੰ ਮਾੜਾ ਨਹੀ ਸੀ ਕਹਿਣਾ ਚਾਹੀਦਾ ਕਿਉਕਿ ਸਭ ਨੂੰ ਪਤਾ ਹੈ ਕਿ ਫੌਜੀ ਆਪਣੇ ਦੇਸ਼ ਦੇ ਖਿਲਾਫ਼ ਸੱਚੀ ਗੱਲ ਵੀ ਨਹੀ ਸੁਣ ਸਕਦਾ।
ਜਦੋ ਪਿੰਡ ਦੇ ਸਕੂਲ ਵਿਚ ਪੰਦਰਾ ਅਗਸਤ ਜਾਂ ਛੱਬੀ ਜਨਵਰੀ ਮਨਾਈ ਜਾਂਦੀ ਫੌਜੀ ਤਿਆਰੀ ਕਰਾਉਣ ਵਿਚ ਸਭ ਤੋਂੱ ਅੱਗੇ ਹੁੰਦਾ। ਭਾਰਤ ਬਾਰੇ ਗੱਲਾਂ ਕਰਦਾ ਉਹ ਆਮ ਕਹਿ ਦਿੰਦਾਂ ਕਿ ਭਾਰਤ ਤਾਂ ਇਕ ਬਹੁਤ ਸੁਦੰਰ ਬਗੀਚਾ ਹੈ ਅਤੇ ਇਸ ਦੇ ਵੱਖ ਵੱਖ ਸੂਬੇ ਇਸ ਬਗੀਚੇ ਦੇ ਤਰ੍ਹਾਂ ਤਰ੍ਹਾਂ ਦੇ ਫੁਲ ਹਨ। ਉਸ ਨੂੰ ਲੱਗਦਾ, ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਨਾਲ ਪਿਆਰ ਨਹੀ ਹੈ ਜੋ ਇਸ ਨੂੰ ਛੱਡ ਕੇ ਬਾਹਰਲੇ ਦੇਸ਼ਾਂ ਵਿਚ ਜਾਂਦੇ ਹਨ।
ਐਤਕੀ ਛੱਬੀ ਜਨਵਰੀ ਵਾਲੇ ਦਿਨ ਸਕੂਲ ਵਿਚ ਸਵੇਰੇ ਹੀ ਢੋਲ ਵਜਣ ਲੱਗ ਪਿਆ। ਹੌਲੀ ਹੌਲੀ ਸਾਰੇ ਹੀ ਸਕੂਲ ਵਿਚ ਇਕੱਠੇ ਹੋਣ ਲੱਗ ਪਏ। ਪਰ ਫੌਜੀ ਜਿਸ ਮੰਜੇ ਉੱਪਰ ਬੈਠਾ ਸੀ ਉੱਥੇ ਹੀ ਰਿਹਾ। ਸਾਰੇ ਹੈਰਾਨ ਸਨ ਕਿ ਅੱਜ ਫੌਜੀ ਇਸ ਸਮਾਗਮ ਵਿਚ ਪਿੱਛੇ ਕਿਵੇ ਰਹਿ ਗਿਆ ਸੀ। ਸਰਪੰਚ ਨੇ ਦੋ ਮੁੰਡਿਆ ਨੂੰ ਭੇਜਿਆ ਕਿ ਜਾਉ ਜਾ ਕੇ ਫੌਜੀ ਨੂੰ ਲੈ ਕੇ ਆਉ। ਜਦੋ ਮੁੰਡੇ ਉਸ ਕੋਲ ਪਹੁੰਚੇ ਤਾਂ ਦੇਖਿਆ ਕੇ ਫੌਜੀ ਤਾਂ ਹੁਣ ਬਹੁਤ ਬਦਲ ਚੁੱਕਾ ਹੈ। ਹੁਣ ਤਾਂ ਲੱਗਦਾ ਸੀ ਜਿਵੇਂ ਉਸ ਵਿਚੋਂ ਦੇਸ਼ ਪਿਆਰ ਮਰ ਗਿਆ ਹੋਵੇ ਜਾਂ ਕਿਧਰੇ ਉੱਡ ਗਿਆ ਹੋਵੇ। ਮੁੰਡਿਆਂ ਨੇ ਕਿਹਾ, " ਚਾਚਾ ਜੀ ਤੁਸੀ ਇੱਥੇ ਬੈਠੇ ਹੋ, ਸਕੂਲ ਵਿਚ ਸਾਰਾ ਪਿੰਡ ਤੁਹਾਡੀ ਉਡੀਕ ਕਰ ਰਿਹਾ ਹੈ।"
"ਮਲ, ਮੈ ਹੁਣ ਇਸ ਤਰਾਂ ਦੇ ਦਿਨ ਨਹੀ ਮਨਾਂਉਦਾ।" ਫੌਜੀ ਨੇ ਉਦਾਸ ਮਨ ਨਾਲ ਕਿਹਾ।
"ਪਰ ਚਾਚਾ ਜੀ, ਅੱਗੇ ਤਾਂ ਤੁਸੀ ਸਭ ਨਾਲੋ ਅੱਗੇ ਹੁੰਦੇ ਸੀ।" ਇਕ ਮੁੰਡੇ ਨੇ ਉਸ ਨਾਲ ਹੀ ਮੰਜੇ ਦੇ ਉੱਪਰ ਬੈਠਦੇ ਕਿਹਾ।
"ਉਦੋ ਕਾਕਾ, ਮੈਨੂੰ ਭੁਲੇਖਾ ਸੀ, ਮੈ ਸੋਚਦਾ ਸਾਂ ਅਸੀ ਅਜ਼ਾਦ ਦੇਸ਼ ਦੇ ਵਾਸੀ ਹਾਂ।" ਫੌਜੀ ਨੇ ਅੱਖਾਂ ਥੱਲੇ ਕਰਦੇ ਕਿਹਾ, " ਮੈ ਤਾਂ ਜੋ ਕੁਝ ਵੀ ਇਸ ਦੇਸ਼ ਲਈ ਪਹਿਲਾਂ ਕੀਤਾ ਉਸ ਦਾ ਵੀ ਮੈਨੂੰ ਪਛਤਾਵਾ ਹੋ ਜਾਂਦਾ ਹੈ।"
ਮੁੰਡੇ ਹੈਰਾਨ ਹੋਏ ਇਕ ਦੂਜੇ ਵਲ ਦੇਖਣ ਲੱਗੇ। ਉਹਨਾਂ ਨੂੰ ਫੌਜੀ ਦੀਆਂ ਗੱਲਾਂ ਦੀ ਸਮਝ ਨਹੀ ਸੀ ਆ ਰਹੀ । ਪਰ ਫਿਰ ਵੀ ਮੁੰਡਿਆਂ ਨੇ ਜ਼ਿੱਦ ਕੀਤੀ ਅਤੇ ਕਹਿਣ ਲੱਗੇ, " ਚਾਚਾ ਜੀ, ਅਸੀ ਤਾਂ ਤਹਾਨੂੰ ਲੈ ਕੇ ਹੀ ਜਾਂਵਾਂਗੇ। ਤੁਹਾਡੇ ਤੋਂ ਬਗ਼ੈਰ ਅਸੀ ਤਿਰੰਗਾਂ ਲਹਿਰਾਂਉਂਦੇ ਕਿਤੇ ਚੰਗੇ ਲਗਦੇ ਹਾਂ।"
ਇਹ ਗੱਲ ਕਹਿਣ ਦੀ ਹੀ ਦੇਰ ਸੀ ਕਿ ਫੌਜੀ ਭਰਿਆ ਤਾਂ ਪਹਿਲਾਂ ਸੀ। ਬਸ ਫਿਰ ਕੀ ਉਸਦੇ ਸਬਰ ਦਾ ਬੰਨ ਜਿਵੇਂ ਟੁੱਟ ਗਿਆ ਹੋਵੇ। ਉਸ ਦੀਆਂ ਅੱਖਾਂ ਵਿਚੋਂ ਤਿਪ ਤਿਪ ਪਾਣੀ ਚੋਣ ਲੱਗਾ। ਇਕ ਹੱਥ ਦਿਲ ਉੱਪਰ ਰੱਖ ਕੇ ਕਹਿਣ ਲੱਗਾ, " ਉਹ ਕਿਹੜੀ ਛੱਬੀ ਜਨਵਰੀ? ਅਸੀ ਕਾਹਦੇ ਅਜ਼ਾਦ ਹਾਂ। ਚੋਰਾਸੀ ਵਿਚ ਜੋ ਕੁੱਝ ਹੋਇਆ। ਉਹ ਅਜ਼ਾਦ ਦੇਸ਼ ਦੇ ਬਸ਼ੀਦਿੰਆਂ ਨਾਲ ਹੁੰਦਾ ਹੈ। ਸਾਡੇ ਗੁਰਦੁਆਰਿਆਂ ਨੂੰ ਟਂੈਂਕਾਂ ਨਾਲ ਉਡਾਇਆ ਗਿਆ।ਸਾਡੀਆਂ ਮਾਂਵਾਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ।" ਫੋਜੀ ਦਾ ਸਾਹ ਤੇਜ਼ ਤੇਜ਼ ਚਲਣ ਲੱਗਾ। ਮੁੰਡੇ ਘਬਰਾ ਗਏ ਕਿਉਕਿ ਉਹਨਾਂ ਨੇ ਪਹਿਲਾਂ ਚਾਚਾ ਜੀ ਂਨੂੰ ਇਸ ਤਰ੍ਹਾਂ ਬੋਲਦੇ ਨਹੀ ਸੁਣਿਆ ਸੀ। ਇਕ ਮੁੰਡਾ ਦੌੜ ਕੇ ਪਾਣੀ ਦਾ ਗਿਲਾਸ ਲੈ ਕੇ ਆਇਆ ਤਾਂ ਫੌਜੀ ਨੂੰ ਪਿਲਾਇਆ। ਫੌਜੀ ਨੇ ਪਾਣੀ ਪੀ ਕੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ, "ਬੇਦਰਦਾਂ ਨੇ ਦਿਨ ਵੀ ਪੰਜਵੀ ਪਾਤਸ਼ਾਹੀ ਦਾ ਸ਼ਹੀਦੀ ਵਾਲਾ ਚੁਣਿਆ । ਜਿਸ ਦਿਨ ਲੱਖਾਂ ਸ਼ਰਧਾਲੂ ਗੁਰਦੁਆਰਿਆਂ ਵਿਚ ਇੱਕਠੇ ਹੁੰਦੇ ਹਨ। ਸਭ ਗਿਣੀ ਮਿਥੀ ਸਕੀਮ ਨਾਲ ਹੀ ਹੋਇਆ।"
ਇੱਕ ਮੁੰਡੇ ਨੇ ਫੌਜੀ ਦਾ ਹਝੂੰਆਂ ਨਾਲ ਗਿਲਾ ਮੂੰਹ ਉਸ ਦੇ ਸਾਫੇ ਦਾ ਲੜ ਫੜ ਕੇ ਸਾਫ਼ ਕੀਤਾ ਅਤੇ ਨਮ ਜਹੀ ਅਵਾਜ਼ ਨਾਲ ਬੋਲਿਆ, " ਚਾਚਾ ਜੀ, ਹੋਇਆ ਤਾਂ ਬਹੁਤ ਕੁਝ ਹੈ।ਦਿੱਲੀ ਵਿਚ ਨਿਰਦੋਸ਼ਿਆਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜੇ, ਇਸ ਤਿਰੰਗੇ ਥੱਲੇ ਕਾਤਲ ਸ਼ਰੇਆਮ ਵਜ਼ੀਰੀਆਂ ਲੈ ਕੇ ਬੈਠ ਗਏ ਅਤੇ ਇਸ ਦੇਸ਼ ਦੇ ਸੰਵਿਧਾਨ ਨੇ ਸਜਾ ਕਿਸੇ ਨੂੰ ਨਾ ਸੁਣਾਈ। "
ਮੁੰਡੇ ਦਾ ਗਚ ਵੀ ਭਰ ਆਇਆ ਅਤੇ ਅਗਾਂਹ ਕੁਝ ਬੋਲ ਨਾ ਸਕਿਆ।
" ਆਹ ਗੱਲਾਂ ਚੇਤੇ ਆਉਣ ਨਾਲ ਸਾਡਾ ਦਿਲ ਵੀ ਤਿਰੰਗਾ ਲਹਿਰਾਉਣ ਨੂੰ ਨਹੀ ਕਰਦਾ।" ਇਹ ਗੱਲ ਕਹਿੰਦਾ ਹੋਇਆ ਦੂਸਰਾ ਮੁੰਡਾ ਵੀ ਮੰਜ਼ੇ ਦੀ ਪੈਂਦ ਉੱਪਰ ਬੈਠ ਗਿਆ।
" ਚੇਤਾ ਪਤਾ ਨਹੀ, ਤਹਾਨੂੰ ਕਿਦਾਂ ਭੁਲ ਜਾਂਦਾ ਹੈ? ਮੇਰਾ ਤਾਂ ਹਰ ਵੇਲੇ ਹੀ ਦਿਲ ਧੁਖਦਾ ਰਹਿੰਦਾਂ ਹੈ।" ਫੋਜੀ ਦੀ ਅਵਾਜ਼ ਫਿਰ ਉੱਚੀ ਹੋ ਗਈ, " ਜੇ ਆਪਣੇ ਹੱਕ ਤੇ ਇਨਸਾਫ ਮੰਗਦੇ ਹਾਂ ਤਾਂ ਅਤਿਵਾਦੀ ਬਣ ਜਾਂਦੇ ਹਾਂ। ਤਿਰੰਗਾ ਕਿਹੜੇ ਚਾਅ ਵਿਚ ਲਹਿਰਾਈਏ।" ਇਸ ਦੇ ਨਾਲ ਹੀ ਫੌਜੀ ਨੂੰ ਸਾਹ ਖਿਚਵਾ ਜਿਹਾ ਆਉਣ ਲੱਗਾ।aਦੋਂ ਹੀ ਫੌਜੀ ਦੀ ਨੂੰਹ ਦਵਾਈ ਵਾਲੀ ਡੱਬੀ ਲੈ ਕੇ ਆ ਗਈ ਅਤੇ ਕਹਿਣ ਲੱਗੀ, " ਭਾਪਾ ਜੀ ਪਹਿਲਾਂ ਗੋਲੀ ਲਉ। ਤਹਾਨੂੰ ਕਿੰਨੀ ਵਾਰੀ ਕਹੀਦਾ ਹੈ। ਉਹ ਗੱਲਾਂ ਨਾ ਸੋਚਿਆ ਕਰੋ ਜਿਨ੍ਹਾਂ ਕਰਕੇ ਤੁਸੀ ਆਪਣੇ ਆਪ ਬੀਮਾਰੀ ਲਾ ਲਈ ਹੈ।"
ਫਿਰ ਮੁੰਡਿਆ ਨੂੰ ਕਹਿਣ ਲੱਗੀ, " ਭਰਾਵੋ, ਤੁਸੀ ਇਹਨਾਂ ਨੂੰ ਇੱਥੇ ਹੀ ਰਹਿਣ ਦਿਉ।ਦਵਾਈ ਨਾਲ ਇਹਨਾਂ ਨੂੰ ਨੀਂਦ ਆ ਜਾਣੀ ਹੈ ਅਤੇ ਚਿਤ ਵੀ ਸ਼ਾਂਤ ਹੋ ਜਾਣਾ ਹੈ।"
ਇਕ ਮੁੰਡਾ ਤਾਂ ਫੌਜੀ ਦੇ ਕੋਲ ਹੀ ਬੈਠਾ ਰਿਹਾ ਅਤੇ ਦੂਸਰੇ ਮੁੰਡੇ ਨੇ ਸਰਪੰਚ ਨੂੰ ਸਾਰੀ ਗੱਲ ਜਾ ਦੱਸੀ। ਗੱਲ ਸੁਣ ਕੇ ਸਰਪੰਚ ਵੀ ਉਦਾਸ ਜਿਹਾ ਹੋ ਗਿਆ ਅਤੇ ਢੋਲ ਵਾਲੇ ਨੂੰ ਕਹਿਣ ਲੱਗਾ ਕਿ ਉਹ ਢੋਲ ਨਾ ਵਜਾਵੇ। ਜਿਵੇਂ ਸਰਪੰਚ ਨੂੰ ਵੀ ਕੁਝ ਚੇਤਾ ਆਗਿਆ ਹੋਵੇ ਅਤੇ ਭੀੜ ਵੱਲ ਂਨੂੰ ਮੂੰਹ ਕਰਕੇ ਕਹਿਣ ਲੱਗਾ, " ਮੈ ਘਰ ਨੂੰ ਜਾ ਰਿਹਾ ਹਾਂ ਕਿਉਕਿ ਮੇਰੀ ਤਬੀਅਤ ਕੁੱਝ ਠੀਕ ਨਹੀ ਹੈ।" ਅਤੇ ਉਹ ਘਰ ਨੂੰ ਚਲਾ ਗਿਆ।
ਸਾਰੇ ਲੋਕੀ ਹੈਰਾਨ ਸਨ ਕਿ ਪਹਿਲਾਂ ਤਾਂ ਸਰਪੰਚ ਚੰਗਾ ਭਲਾ ਸੀ ਹੁਣੇ ਕੀ ਹੋ ਗਿਆ। ਪਿੰਡ ਵਾਸੀ ਉਸ ਮੁੰਡੇ ਦੇ ਦੁਆਲੇ ਹੋ ਗਏ ਅਤੇ ਪੁੱਛਣ ਲੱਗੇ, " ਕੀ ਗੱਲ ਹੋਈ ਹੈ? ਦੱਸ ਸਾਨੂੰ, ਕਿਉਕਿ ਤੂੰ ਹੀ ਸਰਪੰਚ ਸਾਬ੍ਹ ਨਾਲ ਗੱਲਾਂ ਕਰਦਾ ਸੀ।"
ਜਦੋ ਮੁੰਡੇ ਨੇ ਸਾਰੀ ਕਹਾਣੀ ਦੱਸੀ ਤਾਂ ਸੁਣ ਕੇ ਸਾਰੇ ਹੀ ਉਦਾਸ ਹੋ ਗਏ। ਜਿਵੇਂ ਕਿਸੇ ਫਿਲਮ ਦੀ ਰੀਲ ਉਹਨਾਂ ਦੀਆਂ ਅੱਖਾਂ ਅੱਗੇ ਘੁੰਮ ਗਈ ਹੋਵੇ। ਹੌਲੀ ਹੌਲੀ ਕਰਕੇ ਸਾਰੇ ਪਿੰਡ ਵੱਲ ਨੂੰ ਮੁੜਨ ਲੱਗੇ। ਸਿਰਫ ਬੱਚੇ ਹੀ ਢੋਲ ਦੇ ਦੁਆਲੇ ਇੱਕਠੇ ਹੋ ਕੇ ਉਸ ਨੂੰ ਹੌਲ਼ੀ ਹੌਲੀ ਥਪਕ ਰੇਹੇ ਸਨ। ਢੋਲੀ ਵੀ ਬੱਚਿਆਂ ਉੱਪਰ ਗੁੱਸਾ ਕੱਢਦਾ ਹੋਇਆ ਅਤੇ ਢੋਲ ਉਹਨਾਂ ਕੋਲੋ ਖਿਚਦਾ ਹੋਇਆ ਬੋਲਿਆ, " ਦੋੜੌ ਇਥੋ, ਸਾਲੇ ਛੱਬੀ ਜਨਵਰੀ ਦੇ।" ਬੱਚੇ ਵੀ ਸਹਿਮੇ ਹੋਏ ਢੋਲੀ ਦੇ ਮਗਰ ਹੀ ਪਿੰਡ ਵੱਲ ਨੂੰ ਤੁਰ ਪਏ।

Monday, January 30, 2012

ਚਮਕੌਰ ਦੀ ਜੰਗ ਅਜੇ ਜਾਰੀ ਹੈ

ਚਮਕੌਰ ਦੀ ਜੰਗ ਅਜੇ ਜਾਰੀ ਹੈ 

ਇਤਿਹਾਸ ਕੋਈ ਸਟੇਜੀ ਸ਼ੋਅ ਨਹੀਂ ਹੁੰਦਾ। ਇਤਿਹਾਸ 'ਚ ਡਰਾਮੇ ਵਰਗਾ ਕੁਝ ਵੀ ਨਹੀਂ ਹੁੰਦਾ। ਇਤਿਹਾਸ ਤਾਂ ਕੌਮਾਂ ਵਲੋਂ ਪਿੰਡੇ 'ਤੇ ਹੰਢਾਇਆ ਸੱਚ ਹੁੰਦਾ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਬਾਲਗ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਤਿਹਾਸ ਦਾ ਅਜਿਹਾ ਹੀ ਮੁਕਾਮ ਹੈ, ਜਿਸ ਵਿੱਚ ਦਸਵੇਂ ਪਾਤਸ਼ਾਹ ਨੇ 18 ਅਤੇ 14 ਸਾਲਾਂ ਦੇ ਪੁੱਤਰਾਂ ਨੂੰ ਖੁਦ ਧਰਮ ਯੁੱਧ ਲਈ ਭੇਜ ਕੇ ਇਹ ਦਰਸਾ ਦਿੱਤਾ ਕਿ ਜਰਨੈਲ ਲਈ ਸਿਪਾਹੀ ਦਾ ਰੁੱਤਬਾ ਆਪਣੇ ਪੁੱਤਰਾਂ ਤੋਂ ਛੋਟਾ ਨਹੀਂ ਹੁੰਦਾ। ਭਾਵੇਂ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਪਰ ਸੰਸਾਰ ਦੇ ਹੁਣ ਤੱਕ ਦੇ ਪੂਰੇ ਇਤਿਹਾਸ 'ਚ ਅਜਿਹਾ ਕੋਈ ਬਿਰਤਾਂਤ ਨਹੀਂ ਮਿਲਦਾ। 20 ਦਸੰਬਰ 1704 ਦੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 8 ਮਹੀਨੇ ਦੀ ਘੇਰਾਬੰਦੀ ਪਿੱਛੋਂ ਆਨੰਦਪੁਰ ਸਾਹਿਬ ਦਾ ਕਿੱਲ੍ਹਾ ਛੱਡਿਆ। ਕਿਲ੍ਹਾ ਛੱਡਣ ਦੀ ਦੇਰ ਸੀ। ਮੁਗਲ ਫੋਜਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਦੀ ਮੁਗਲ ਫੌਜ ਨਾਲ ਸਰਸਾ ਨਦੀ 'ਤੇ ਭਿਆਨਕ ਜੰਗ ਹੋਈ। ਗੁਰੂ ਜੀ ਰੋਪੜ ਤੋਂ ਹੁੰਦੇ ਹੋਏ। ਅਗਲੇ ਦਿਨ 40 ਕੁ
ਸਿੰਘਾਂ ਦੇ ਜੱਥੇ ਅਤੇ ਦੋ ਸਪੁੱਤਰਾਂ ਸਮੇਤ ਚਮਕੌਰ ਸਾਹਿਬ ਪੁੱਜੇ। ਦੋ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸਰਸਾ ਵਿਖੇ ਉਹਨਾਂ ਤੋਂ ਵਿਛੜ ਗਏ। ਚਮਕੌਰ ਸਾਹਿਬ 'ਚ ਬੇਸ਼ੁਮਾਰ ਮਾਰੂ ਹਥਿਆਰਾਂ ਨਾਲ ਲੈਸ 10 ਲੱਖ ਤੋਂ ਕਰੀਬ ਮੁਗਲ ਫੌਜ ਨਾਲ ਭੁੱਖੇ ਤਿਹਾਏ ਅਤੇ ਖੁੰਡੇ ਹਥਿਆਰਾਂ ਨਾਲ ਸਿਰਫ ਗਿਣਤੀ ਦੇ 40 ਕੁ ਸਿੰਘਾਂ ਨੇ ਲਗਾਤਾਰ ਤਿੰਨ ਦਿਨ ਸੰਸਾਰ ਦੀ ਅਤਿਅੰਤ ਅਨੋਖੀ ਲੜਾਈ ਲੜੀ। ਫੌਜੀ ਸਮਰਥਾ 'ਚ ਇੰਨੇ ਅਸਾਵੇਪਣ ਦੇ ਬਾਵਜੂਦ ਕਿਸੇ ਵੀ ਸਿੰਘ ਨੇ ਹੌਂਸਲਾ ਨਹੀਂ ਹਾਰਿਆ ਅਤੇ ਆਖਰੀ ਸਾਹ ਤੱਕ ਲੜਕੇ ਸ਼ਹੀਦੀ ਪਾਈ। ਜੰਗ 'ਚ ਮੁਗਲ ਫੌਜ ਦੇ ਤਿੰਨ ਜਰਨੈਲਾਂ 'ਚੋਂ ਦੋ ਨਾਹਰ ਖਾਨ ਅਤੇ ਗੈਰਤ ਖਾਨ ਮਾਰੇ ਗਏ। ਪੰਜ-ਪੰਜ ਦੇ ਜੱਥੇ ਬਣਾ ਕੇ ਸਿੰਘ ਜਾਨ ਹੂਲਵੀ ਜੰਗ ਪਿੱਛੋਂ ਸ਼ਹਾਦਤ ਪਾ ਦਿੰਦੇ। ਗੁਰੂ ਜੀ ਨੇ 18 ਸਾਲਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਖੁਦ ਜੂਝਣ ਲਈ ਭੇਜਿਆ ਅਤੇ ਜੰਗ ਲੜਦਿਆਂ, ਸ਼ਹੀਦੀ ਪਾਉਂਦਿਆਂ ਅੱਖੀਂ ਵੇਖਿਆਂ। ਵੱਡੇ ਭਰਾ ਦੀ ਸ਼ਹੀਦੀ ਉਪਰੰਤ ਜਦੋਂ 14 ਸਾਲਾਂ ਦੇ ਸਾਹਿਬਜ਼ਾਦਾ ਬਾਬਾ ਜੁਝਾਰੂ ਸਿੰਘ ਜੀ ਨੇ ਜੰਗ 'ਚ ਕੁੱਦਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਖਿੜੇ ਮੱਥੇ ਸ਼ਹਾਦਤ ਦਾ ਚਾਅ ਪੂਰਾ ਕਰਨ ਦੀ ਇਜਾਜ਼ਤ ਦੇ ਦਿੱਤੀ। ਇਹ ਸ਼ਹਾਦਤ 22 ਦਸੰਬਰ 1704 ਨੂੰ ਲੌਢੇ ਵੇਲੇ ਹੋਈ। ਚਮਕੌਰ ਸਾਹਿਬ ਦੇ ਯੁੱਧ ਦੀ ਇਹ ਸੰਖੇਪ ਕਥਾ ਇਸ ਯੁੱਧ ਦੇ ਮਹੱਤਵ ਦਾ ਵਰਣਨ ਨਹੀਂ ਕਰਦੀ। ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲ ਸਲਤਨਤ ਖਿਲਾਫ ਲੜਾਈ ਸਰਹੱਦੀ ਝਗੜਾ ਨਹੀਂ ਸੀ। ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕੇ ਗੁਰੂ ਜੀ ਨੇ ਇਸ ਗੱਲ ਨੂੰ ਦ੍ਰਿੜ ਕਰਾਇਆ ਕਿ ਜ਼ੁਲਮ ਅਤੇ ਨਿਆਂ ਵਿਰੁੱਧ ਜੰਗ ਵੇਲੇ ਆਪਣੇ ਪੁੱਤਰਾਂ ਤੱਕ ਦੀ ਸ਼ਹਾਦਤ ਦਿੱਤੀ ਜਾ ਸਕਦੀ ਹੈ। ਮੁਗਲਾਂ ਨੇ ਗੁਰੂ ਘਰ ਵਿਰੁੱਧ ਲੜਾਈ ਨੂੰ ਅੱਜ ਦੇ ਹੁਕਮਰਾਨਾਂ ਵਾਂਗ ਹੀ ਦੀਨੀ ਯੁੱਧ ਦਾ ਨਾਂ ਦਿੱਤਾ ਸੀ। ਉਹਨਾਂ ਇਹ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਘਰ ਦਾ ਮਿਸ਼ਨ ਪਰਜ਼ਾ ਅਤੇ ਧਰਮ ਵਿਰੋਧੀ ਹੈ ਇਸ ਲਈ ਗੁਰੂ ਘਰ ਖਿਲਾਫ ਲੜਾਈ ਸਮਰਾਟ ਅਤੇ ਪਰਜ਼ਾ ਦੀ ਸਾਂਝੀ ਲੜਾਈ ਹੈ। ਪਰੰਤੂ ਉਹ ਇਸ ਵਿੱਚ ਸੱਫਲ ਨਹੀਂ ਹੋਏ। ਮੌਜੂਦਾ ਹੁਕਮਰਾਨਾਂ ਵਾਂਗ ਮੁਗਲਾਂ ਨੂੰ ਵੀ ਭਰਮ ਸੀ ਕਿ ਸਿੰਘ ਮੁੱਠੀ ਭਰ ਲੋਕ ਹਨ, ਹਥਿਆਰਾਂ ਅਤੇ ਫੌਜਾਂ ਦੇ ਜ਼ੋਰ 'ਤੇ ਉਹ ਇਹ ਲੜਾਈ ਜਿੱਤ ਲੈਣਗੇ। ਪਰੰਤੂ ਸਿੰਘਾਂ ਦੇ ਹੌਸਲੇ, ਗੁਰੂ ਦੀ ਕਿਰਪਾ, ਲੜਾਈ ਦੇ ਵਡੇਰੇ ਅਤੇ ਧਰਮੀ ਸੱਚ ਨੇ ਉਨ੍ਹਾਂ ਦਾ ਇਹ ਭਰਮ ਤੋੜ ਦਿੱਤਾ। ਇਹ ਭਰਮ ਅੱਜ ਦੇ ਹੁਕਮਰਾਨਾਂ ਦਾ ਛੇਤੀ ਹੀ ਟੁੱਟ ਜਾਵੇਗਾ। ਚਮਕੌਰ ਸਾਹਿਬ ਦੀ ਲੜਾਈ ਅਜੇ ਮੁੱਕੀ ਨਹੀਂ। ਚਮਕੌਰ ਸਾਹਿਬ ਦੀ ਲੜਾਈ ਦਾ ਮਕੱਸਦ ਅਜੇ ਵੀ ਕਾਇਮ ਹੈ। ਗੁਰੂ ਸਾਹਿਬ ਦੇ ਪੁੱਤਰਾਂ ਲਈ ਅਜੇ ਵੀ ਜੂਝਣ ਲਈ ਇੱਕ ਮੈਦਾਨ ਹੈ। ਚਮਕੌਰ ਸਾਹਿਬ ਦੀ ਜੰਗ ਤਾਂ ਅਜੇ ਵੀ ਲੜੀ ਜਾ ਰਹੀ ਹੈ। ਗੁਰੂ ਘਰ ਇਹ ਜੰਗ ਵੀ ਜ਼ਰੂਰ ਜਿੱਤੇਗਾ।

Sunday, January 22, 2012

ਸਮਾਜ ਦੇ ਜ਼ਿੰਮੇਵਾਰੋ! ਆਓ ਧੀਆਂ-ਭੈਣਾਂ ਅਤੇ ਸਮਾਜ ਦੀ ਬੇਇੱਜ਼ਤੀ ਕਰੀਏ।

ਪੱਤਰਕਾਰੀ ਖੇਤਰ ਨਾਲ ਜੁੜੇ ਹੋਣ ਕਰਕੇ ਕਈ ਵਾਰ ਅਜਿਹੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ ਜਿਹੜੀਆਂ ਲਗਾਤਾਰ ਬੇਅਰਾਮ ਕਰਦੀਆਂ ਰਹਿੰਦੀਆਂ ਹਨ। ‘ਸਿੱਖ ਸਪੋਕਸਮੈਨ' ਵਿਚ ਛਪਣ ਲਈ ਇਹ ਅਜਿਹੀ ਹੀ ਖ਼ਬਰ ਕੁਝ ਦਿਨ ਪਹਿਲਾਂ ਮਿਲੀ ਸੀ, ਇਕ ਮਸ਼ਹੂਰ ‘ਸੰਤ ਬਾਬੇ' ਵੱਲੋਂ ਭੇਜੀ ਗਈ ਖ਼ਬਰ ਦਾ ਸਿਰਲੇਖ ਸੀ ‘‘ਸੰਤ ਬਾਬਾ........ ਨੇ ਦੋ ਗਰੀਬ ਕੁੜੀਆਂ ਦੇ ਵਿਆਹ ਕੀਤੇ'' ਖ਼ਬਰ ਨਾਲ ਭੇਜੀ ਗਈ ਫੋਟੋ 'ਚ ਇਹ ਦੋਨੋਂ ਜੋੜੇ ਅਤਿ ਹੀ ਸੰਗ ਜਿਹੀ ਮੰਨਦੇ ਹੋਏ ਨੀਵੀਂ ਪਾਈ ਹੋਣ ਦੇ ਬਾਵਜੂਦ ਕੈਮਰੇ ਵੱਲ ਦੇਖ ਰਹੇ ਹਨ। ਨਵੇਂ ਵਿਆਹੇ ਇਹਨਾਂ ਦੋਨੋਂ ਜੋੜਿਆਂ ਦੇ ਮੂੰਹ ਤੋਂ ਇਬਾਰਤ ਪੜ੍ਹੀ ਜਾ ਸਕਦੀ ਹੈ ਕਿ ਇਹ ਫੋਟੋ ਖਿਚਵਾਉਣ ਸਮੇਂ ਸ਼ਰਮ ਮਹਿਸੂਸ ਕਰਕੇ ਨੀਵੀਂ ਪਾ ਬੈਠੇ ਹੋਣਗੇ ਪਰ ਕਥਿਤ ਸੰਤ ਬਾਬੇ ਜੋ ਇਹਨਾਂ ਦੇ ਪਿਛੇ ਖੜ੍ਹ ਕੇ ਫੋਟੋ ਕਰਵਾ ਰਹੇ ਹਨ ਸਮੇਤ ਕੈਮਰਾਮੈਨ ਨੇ ਉਪਰ ਦੇਖਣ ਲਈ ਕਿਹਾ ਹੋਵੇਗਾ। ਦੋਨੋਂ ਨਵੇਂ ਜੋੜੇ ਨੀਵੀਂ ਪਾਈ ਹੋਈ ਹੀ ਸਿਰਫ਼ ਅੱਖਾਂ ਕੁਝ ਕੁ ਉਪਰ ਚੁੱਕ ਕੇ ਬਾਬੇ ਦਾ ਅਹਿਸਾਨ ਪੂਰਾ ਕਰ ਦਿੱਤਾ ਹੋਵੇਗਾ।
ਧਾਰਮਿਕ ਆਗੂਆਂ ਦਾ ਕੰਮ ਸਮਾਜ ਦਾ ਭਲਾ ਸੋਚਣਾ ਹੈ ਅਤੇ ਨਾਲ ਹੀ ਆਮ ਲੋਕਾਈ ਨੂੰ ਵੀ ਉਸ ਰਾਹ ਪਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਸ ਰਾਹ 'ਤੇ ਚੱਲ ਕੇ ਅਸੀਂ ਇਕ ਦੂਜੇ ਦੇ ਸਹਾਇਕ ਹੋ ਕੇ ਚੰਗਾ ਜੀਵਨ ਬਸਰ ਕਰ ਸਕੀਏ। ਹੁਣ ਅਜਿਹਾ ਬਿਲਕੁਲ ਨਹੀਂ ਹੋ ਰਿਹਾ ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਬਹੁਤੇ ਧਾਰਮਿਕ ਆਗੂ ਵੀ ਆਪਣੀ ਪ੍ਰਸਿੱਧੀ ਲਈ ਕਈ ਅਜਿਹੇ ਕੰਮ ਕਰਨ ਲੱਗ ਪਏ ਹਨ ਜਿਸ ਨਾਲ ਸਮਾਜ ਦਾ ਭਲਾ ਹੋਣ ਦੀ ਥਾਂ ਸਗੋਂ ਇਸ ਸਮਾਜ ਨੂੰ ਕ¦ਕਿਤ ਕੀਤਾ ਜਾ ਰਿਹਾ ਹੈ। ਜਿਸ ਬਾਬੇ ਦੀ ਅਸੀਂ ਪਹਿਲਾਂ ਗੱਲ ਕਰ ਆਏ ਹਾਂ ਇਸੇ ਤਰ੍ਹਾਂ ਦੇ ਹੋਰ ਸੈਂਕੜੇ ਸੰਤ ਬਾਬੇ ਵੀ ਕੁਝ ਕੁੜੀਆਂ ਦਾ ਵਿਆਹ ਰਚਾ ਕੇ ਲੋਕਾਂ ਕੋਲੋਂ ਪੈਸੇ ਇਕੱਠੇ ਕਰ ਲੈਂਦੇ ਹਨ ਅਤੇ ਨਾਲ ਹੀ ਵਿਆਹ ਕੀਤੇ ਜਾਣ ਵਾਲੇ ਜੋੜਿਆਂ ਨੂੰ ਸਦਾ ਲਈ ਗਰੀਬੀ ਦਾ ਸਰਟੀਫਿਕੇਟ ਵੀ ਜਾਰੀ ਕਰ ਦਿੰਦੇ ਹਨ। ਕੀ ਕਦੇ ਇਹਨਾਂ ਸਮਾਜ ਦੇ ਜ਼ਿੰਮੇਵਾਰ ਲੋਕਾਂ ਨੇ ਸੋਚਿਆ ਹੈ ਕਿ ਜਿਸ ਕੁੜੀ ਦਾ ਉਹ ‘ਗਰੀਬ ਘਰ ਦੀ ਕੁੜੀ' ਕਹਿ ਕੇ ਵਿਆਹ ਕਰ ਰਹੇ ਹਨ ਉਸ ਦੇ ਪਰਿਵਾਰ 'ਤੇ ਕੀ ਬੀਤਦੀ ਹੋਵੇਗੀ? ਸੋਚੋ! ਅਜਿਹਾ ਕਿਹੜਾ ਮਾਂ-ਬਾਪ ਹੋਵੇਗਾ ਜੋ ਇਹ ਚਾਹੇਗਾ ਕਿ ਉਹ ਆਪਣੀ ਧੀ ਨੂੰ ਘਰੋਂ ਵਿਦਾ ਕਰਨ ਦੀ ਥਾਂ ਕਿਸੇ ਡੇਰੇਦਾਰ ਸਾਧ 'ਤੇ ਨਿਰਭਰ ਹੋ ਕੇ ਜਲੀਲ ਹੁੰਦਾ ਫਿਰੇ। ਕੀ ਕਦੇ ਇਹਨਾਂ ਭਲੇ ਮਾਣਸਾਂ ਨੇ ਇਹ ਵੀ ਸੋਚਿਆ ਹੈ ਕਿ ਜੋ ਪਰਿਵਾਰ ਅੱਜ ਆਰਥਿਕ ਪੱਖੋਂ ਪੂਰਾ ਮਜ਼ਬੂਤ ਨਹੀਂ ਹੈ ਉਹ ਸਦਾ ਵਾਸਤੇ ਗਰੀਬ ਹੀ ਰਹੇਗਾ। ਸਭ ਨੂੰ ਪਤਾ ਹੈ ਕਿ ਗਰੀਬੀ-ਅਮੀਰੀ ਆਉਂਦੀ-ਜਾਂਦੀ ਰਹਿੰਦੀ ਹੈ। ਜਿਹੜੇ ਅੱਜ ਧਨਾਢ ਲੋਕ ਹਨ ਕਿਸੇ ਸਮੇਂ ਉਹਨਾਂ ਦੇ ਵਡੇਰੇ ਗਰੀਬੀ ਦੀ ਹਾਲਤ ਵਿਚ ਸਨ ਅਤੇ ਜੋ ਅੱਜ ਗਰੀਬ ਹਨ ਕੱਲ੍ਹ ਨੂੰ ਉਹਨਾਂ ਨੇ ਸਮਾਜ ਵਿਚ ਸਨਮਾਨ ਵਾਲਾ ਥਾਂ ਵੀ ਬਣਾਉਣਾ ਹੈ। ਪਰ ਅੱਜ ਵਕਤੀ ਤੌਰ 'ਤੇ ਕਮਜ਼ੋਰ ਪਰਿਵਾਰ ਨੂੰ ਗਰੀਬ ਆਖ ਕੇ ਉਹਨਾਂ ਦਾ ਭਵਿੱਖ ਖਰਾਬ ਨਹੀਂ ਕੀਤਾ ਜਾ ਰਿਹਾ? ਸਾਡਾ ਬੇਦਰਦ ਸਮਾਜ ਉਹਨਾਂ ਨੂੰ ਆਉਣ ਵਾਲੇ ਸਮੇਂ ਵਿਚ ਕਦੇ ਵੀ ਇਹ ਮਿਹਣਾ ਮਾਰ ਸਕਦਾ ਹੈ ਕਿ ਤੇਰਾ ਬਾਪ ਤਾਂ ਆਪਣੀ ਧੀ ਦਾ ਵਿਆਹ ਕਰਨ ਜੋਗਾ ਵੀ ਨਹੀਂ ਸੀ। ਫਿਰ ਇਹ ਧਾਰਮਿਕ ਆਗੂ ਕਿਸ ਸਮਾਜ ਦੀ ਸਿਰਜਣਾ ਕਰ ਰਹੇ ਹਨ ਜੋ ਲੋਕਾਂ ਦੇ ਪੈਸੇ ਖਰਚ ਕਰਕੇ ਸਮਾਜ ਦੀਆਂ ਧੀਆਂ ਅਤੇ ਮਜ਼ਬੂਰ ਮਾਪਿਆਂ ਨੂੰ ‘ਗਰੀਬ' ਹੋਣ ਦਾ ਸਰਟੀਫਿਕੇਟ ਦੇ ਰਹੇ ਹਨ।
ਇਸੇ ਤਰ੍ਹਾਂ ਕੁਝ ਸਮਾਜ ਸੇਵੀ ਜਥੇਬੰਦੀਆਂ ਵੀ ਕਰ ਰਹੀਆਂ ਹਨ। ਦੋ-ਚਾਰ ਹਜ਼ਾਰ ਰੁਪਏ ਖਰਚ ਕੇ ਸਕੂਲਾਂ 'ਚ ਪੜ੍ਹਦੇ ਕੁਝ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਅੱਡ ਕੱਢ ਕੇ ਬੂਟ-ਕੋਟੀਆਂ ਆਦਿ ਦੇ ਕੇ ਉਹ ਬੱਚਿਆਂ ਵਿਚ ‘ਗਰੀਬ ਵਰਗ' ਹੋਣ ਦਾ ਅਹਿਸਾਸ ਕਰਵਾ ਰਹੇ ਹਨ। ਕੀ ਇਹਨਾਂ ਸਮਾਜ ਸੇਵੀਆਂ ਨੇ ਸੋਚਿਆ ਹੈ ਕਿ ਅੱਜ ਉਹ ਜਿਸ ਬੱਚਿਆਂ ਨੂੰ ਗਰੀਬ ਪਰਿਵਾਰਾਂ ਦੇ ਬੱਚੇ ਆਖ ਕੇ ਆਪਣੇ ਫਰਜ਼ ਦੀ ਥਾਂ ਅਹਿਸਾਨ ਮੰਨ ਰਹੇ ਹਨ ਉਹ ਕੀ ਸੋਚਦੇ ਹੋਣਗੇ ਕਿ ਉਹਨਾਂ ਦੇ ਮਾਪੇ ਅੱਜ ਇੰਨੇ ਮਜ਼ਬੂਰ ਹੋ ਗਏ ਹਨ ਕਿ ਉਹ ਆਪਣੇ ਢਿੱਡੋ ਜਾਏ ਬੱਚਿਆਂ ਨੂੰ ਠੰਡ ਤੋਂ ਬਚਾਉਣ ਦੇ ਕਾਬਲ ਵੀ ਨਹੀਂ ਰਹੇ।
ਵਿਦੇਸ਼ਾਂ ਵਿਚ ਵਸਦੇ ਕੁਝ ਪੰਜਾਬੀਆਂ ਵਿਚ ਇਹ ਬਿਮਾਰੀ ਘਾਤਕ ਹੱਦ ਤੱਕ ਘਰ ਕਰ ਚੁੱਕੀ ਹੈ ਹਰੇਕ ਸਾਲ ਸਰਦੀਆਂ ਦੇ ਸ਼ੁਰੂ ਦੇ ਦਿਨਾਂ 'ਚ ਜਦ ਉਹ ਕੁਝ ਮਹੀਨੇ ਆਪਣੇ ਵਤਨ ਫੇਰਾ ਪਾਉਂਦੇ ਹਨ ਤਾਂ ਸਿਰਫ਼ ਮਨੋਰੰਜਨ ਪੱਖੋਂ ਜਾਂ ਫੋਕੀ ਟੌਹਰ ਬਣਾਉਣ ਵਜੋਂ ਉਹ ਵੀ ਸਕੂਲੀ ਬੱਚਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਰੀਬ ਹੋਣ ਦਾ ਅਹਿਸਾਸ ਜ਼ਰੂਰ ਕਰਵਾ ਜਾਂਦੇ ਹਨ।
ਇਲੈਟਰੌਨਿਕ ਅਤੇ ਪ੍ਰਿੰਟ ਮੀਡੀਆ ਵੀ ਕਿਸੇ ਤੋਂ ਘੱਟ ਨਹੀਂ ਹੈ ਉਹ ਵੀ ਬੱਚਿਆਂ ਪਿੱਛੇ ਖੜ੍ਹੇ ਸਹਾਇਤਾ ਦੇ ਰੂਪ ਵਿਚ ‘ਗਰੀਬੀ ਦਾ ਸਰਟੀਫਿਕੇਟ' ਵੰਡ ਰਹੇ ਕਥਿਤ ਸਮਾਜ ਸੇਵੀਆਂ ਦੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਕੇ ਆਪਣੇ ਫਰਜ਼ਾਂ ਨੂੰ ਭੁੱਲ ਗਿਆ ਪ੍ਰਤੀਤ ਹੁੰਦਾ ਹੈ। ਮੀਡੀਆ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਛਾਪੀਆਂ ਗਈਆਂ ਫੋਟੋਆਂ ਸਮੇਤ ਖ਼ਬਰਾਂ ਕੱਲ੍ਹ ਨੂੰ ਸਬੰਧਤ ਲੋਕਾਂ ਨੂੰ ਹੀਣਤਾ ਦਾ ਅਹਿਸਾਸ ਕਰਵਾਉਣਗੀਆਂ।
ਇਥੇ ਕੀਤੀ ਗਈ ਵਿਚਾਰ ਚਰਚਾ ਤੋਂ ਭਾਵ ਇਹ ਨਹੀਂ ਕਿ ਸਾਨੂੰ ਕਮਜ਼ੋਰ ਵਰਗਾਂ ਦੀ ਮੱਦਦ ਨਹੀਂ ਕਰਨੀ ਚਾਹੀਦੀ ਸਗੋਂ ਇਸ ਦਾ ਸਾਰ ਅੰਸ ਇਹ ਹੈ ਕਿ ਜੇ ਸਾਨੂੰ ਕੁਦਰਤ ਨੇ ਦੂਜਿਆਂ ਨੂੰ ਦੇਣ ਜੋਗੀਆਂ ਨਿਆਮਤਾਂ ਬਖਸ਼ੀਆਂ ਹਨ ਤਾਂ ਇਸ ਦੀ ਵਰਤੋਂ ਅਹਿਸਾਨ ਵਜੋਂ ਨਹੀਂ ਸਗੋਂ ਆਪਣਾ ਫਰਜ਼ ਸਮਝ ਕੇ ਕਰਨੀ ਚਾਹੀਦੀ ਹੈ। ਸਰਕਾਰ ਵੱਲੋਂ ਸਾਇਕਲ ਜਾਂ ਵਜੀਫੇ ਦੇਣ ਵਾਲੀਆਂ ਸਕੀਮਾਂ ਵੀ ‘ਗਰੀਬ ਵਰਗ ਲੋਕਾਂ ਲਈ' ਦੀ ਥਾਂ ‘ਲੋੜਵੰਦ ਲੋਕਾਂ ਲਈ' ਵਜੋਂ ਪ੍ਰਚਾਰੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਲੋੜਵੰਦ ਪਰਿਵਾਰਾਂ ਜਾਂ ਬੱਚਿਆਂ ਦੇ ਮਨ ਵਿਚ ਹੀਣਤਾ ਘਰ ਨਾ ਕਰ ਜਾਵੇ।
Ravinder Singh Khalsa