Total Pageviews

Wednesday, December 28, 2011

‘‘ਆਹ! ਸ਼ੂਦਰ ਕੇ ਲੀਏ, ਹਿੰਦੋਸਤਾਨ ਗਮਖਾਨਾ ਹੈ!

ਭਾਰਤ ਦੇ ਨਕਸ਼ੇ ਵਿੱਚ ਕੈਦ ਘੱਟਗਿਣਤੀ ਕੌਮਾਂ (ਸਿੱਖਾਂ, ਮੁਸਲਮਾਨਾਂ, ਈਸਾਈਆਂ ਆਦਿ) ਦੀ ਤਰਸਯੋਗ ਹਾਲਤ ਸਬੰਧੀ ਤਾਂ ਅਸੀਂ ਵੇਰਵੇ ਨਾਲ ਚਰਚਾ ਕਰਦੇ ਰਹਿੰਦੇ ਹਾਂ, ਪਰ ਆਪਣੀ ਹੱਥਲੀ ਲਿਖਤ ਰਾਹੀਂ ਅਸੀਂ ਉਸ ਦਲਿਤ ਵਰਗ (ਇਸ ਵਿੱਚ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ, ਪੱਛੜੀਆਂ ਸ਼੍ਰੇਣੀਆਂ ਅਤੇ ਓ. ਬੀ. ਸੀ. ਆਦਿ ਸਭ ਨੂੰ ਸ਼ਾਮਲ ਸਮਝਿਆ ਜਾਵੇ) ਸਬੰਧੀ ਵਿਚਾਰ ਕਰ ਰਹੇ ਹਾਂ, ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਵਿੱਚ ‘ਵਿਸ਼ੇਸ਼ ਰਿਆਇਤਾਂ' (ਰਿਜ਼ਰਵੇਸ਼ਨਜ਼) ਦਾ ਹੱਕਦਾਰ ਬਣਾਇਆ ਗਿਆ ਹੈ। 20ਵੀਂ ਸਦੀ ਦੇ ਸਾਊਥ-ਏਸ਼ੀਆ ਦੇ ਰੌਸ਼ਨ ਦਿਮਾਗ ਦਲਿਤ ਆਗੂ ਡਾਕਟਰ ਬੀ. ਆਰ. ਅੰਬੇਦਕਰ ਨੇ 1930ਵਿਆਂ 'ਚ ਮਿਸਟਰ ਗਾਂਧੀ ਨਾਲ ਕੀਤੇ ਪੂਨਾ-ਪੈਕਟ ਰਾਹੀਂ, ਭਾਰਤ ਦੇ ਕਰੋੜਾਂ ਦਲਿਤਾਂ ਦੀ ਕਿਸਮਤ ਹਿੰਦੂ-ਭਾਰਤ ਨਾਲ ਜੋੜੀ ਸੀ। ਇਸ ਦੇ ਨਤੀਜੇ ਵਜੋਂ ਹੀ, ਅਖੌਤੀ ਅਜ਼ਾਦ ਭਾਰਤ ਦੇ ਪਹਿਲੇ ਸੰਵਿਧਾਨ ਵਿੱਚ (ਜਿਸ ਦੇ ਨਿਰਮਾਤਾ ਡਾਕਟਰ ਅੰਬੇਦਕਰ ਹੀ ਸਨ) ਜਿੱਥੇ ਹਰ ਭਾਰਤੀ ਨੂੰ ਵੋਟ ਦਾ ਹੱਕ ਮਿਲਿਆ, ਉਥੇ ਦਲਿਤਾਂ ਤੇ ਪੱਛੜੇ ਵਰਗਾਂ ਲਈ ਵਿਸ਼ੇਸ਼ ਅਧਿਕਾਰ ਵੀ ਰੱਖੇ ਗਏ। ਭਾਰਤ ਦੇ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਦੇ ਕਾਰਜਕਾਲ ਦੌਰਾਨ, ਹਿੰਦੂਤਵੀਆਂ ਦੇ ਭਾਰਤੀ ਵਿਰੋਧ ਦੇ ਬਾਵਜੂਦ, ਮੰਡਲ ਕਮਿਸ਼ਨ ਰਿਪੋਰਟ ਸਵੀਕਾਰ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ‘ਦੂਸਰੀਆਂ ਪੱਛੜੀਆਂ ਸ਼੍ਰੇਣੀਆਂ' (ਓ. ਬੀ. ਸੀ.) ਨੂੰ ਵੀ ਰਿਜ਼ਰਵੇਸ਼ਨ ਦਾ ਹੱਕ ਪ੍ਰਾਪਤ ਹੋਇਆ। ਬਹੁਤ ਵਾਰ ‘ਉ¤ਚੀਆਂ ਜਾਤਾਂ' ਨਾਲ ਸਬੰਧਿਤ ਲੋਕ, ਇਸ ‘ਰਿਜ਼ਰਵੇਸ਼ਨ' ਨੀਤੀ ਦੇ ਖਿਲਾਫ ਕਾਫੀ ਵਾਵੇਲਾ ਵੀ ਕਰਦੇ ਹਨ ਪਰ ਵੋਟ ਬੈਂਕ ਰਾਜਨੀਤੀ ਹੇਠ, ਕੋਈ ਵੀ ਸਿਆਸੀ ਪਾਰਟੀ ਇਸ ਬਾਰੇ ਖੁੱਲ ਕੇ ਵਿਰੋਧ ਨੀਤੀ ਨਹੀਂ ਅਪਣਾਉਂਦੀ। ਭਾਰਤੀ ਸੁਪਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਰਾਹੀਂ ਰਾਖਵੀਆਂ ਸੀਟਾਂ ਦੀ ਗਿਣਤੀ ‘ਵੱਧ ਤੋਂ ਵੱਧ 50 ਫੀ ਸਦੀ ਤੱਕ' ਨਿਰਧਾਰਤ ਕਰ ਦਿੱਤੀ ਹੈ, ਬਾਕੀ ਦੀਆਂ ਸੀਟਾਂ ਖੁੱਲੀਆਂ ਛੱਡਣੀਆਂ ਕਾਨੂੰਨੀ ਤੌਰ 'ਤੇ ਲਾਜ਼ਮੀ ਹਨ।
ਲਗਭਗ 80 ਵਰਿਆਂ ਬਾਅਦ ਭਾਰਤ ਵਿੱਚ ਜਾਤ-ਪਾਤ ਅਧਾਰਤ ‘ਮਰਦਮਸ਼ੁਮਾਰੀ' ਵੀ ਹੋ ਰਹੀ ਹੈ, ਇਸ ਦੇ ਲਈ ਦਲਿਤ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਸਿਆਸੀ ਪਾਰਟੀਆਂ-ਆਗੂਆਂ ਨੇ ਲਾਮਬੰਦੀ ਕੀਤੀ ਹੈ। ਭਾਰਤ ਵਿੱਚ ਜਾਤ-ਪਾਤ ਅਧਾਰਿਤ ਅਖੀਰਲੀ ਮਰਦਮਸ਼ੁਮਾਰੀ 1931 ਵਿੱਚ ਹੋਈ ਸੀ। ਜਾਤ-ਪਾਤ ਅਧਾਰਤ ਮਰਦਮਸ਼ੁਮਾਰੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਦਲਿਤਾਂ-ਪੱਛੜੀਆਂ ਓ. ਬੀ. ਸੀ. ਆਦਿ ਦੀ ਅਬਾਦੀ ਕਾਫੀ ਵਧ ਗਈ ਹੈ, ਇਸ ਲਈ ਉਨ੍ਹਾਂ ਦੀ ਅਬਾਦੀ ਅਨੁਸਾਰ, ਰਿਜ਼ਰਵੇਸ਼ਨ ਵਿੱਚ ਵਾਧਾ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਉ¤ਚੀਆਂ ਜਾਤਾਂ ਦੀਆਂ ਕੁਝ ‘ਗੋਤਾਂ' ਵਾਲਿਆਂ ਦੀ ਲਾਮਬੰਦੀ ਚੱਲ ਰਹੀ ਹੈ ਕਿ ਉਨ੍ਹਾਂ ਨੂੰ ਪੱਛੜੀਆਂ-ਓ. ਬੀ. ਸੀ. ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਵੇ, ਕਿਉਂਕਿ ਉਹ ਆਰਥਿਕ ਪੱਖੋਂ ਪੱਛੜੇ ਹੋਏ ਹਨ। ਭਾਰਤ ਵਿੱਚ ਸਮੇਂ ਸਮੇਂ ਗੁੱਜਰਾਂ, ਜਾਟਾਂ ਆਦਿ ਦੇ ਅੰਦੋਲਨ ਇਸੇ ਵਜਾ ਕਰਕੇ ਹੋਏ ਹਨ।
ਵੇਖਣ ਵਾਲੀ ਗੱਲ ਇਹ ਹੈ ਕਿ 64 ਵਰਿਆਂ ਬਾਅਦ, ਭਾਰਤ ਦੀ ਬਹੁਗਿਣਤੀ ਅਬਾਦੀ (ਜਿਸ ਵਿੱਚ, ਦਲਿਤ, ਪੱਛੜੀਆਂ ਸ਼੍ਰੇਣੀਆਂ, ਓ ਬੀ. ਸੀ., ਆਦਿ ਵਾਸੀ, ਮੁਸਲਮਾਨ, ਸਿੱਖ, ਈਸਾਈ ਆਦਿ ਸ਼ਾਮਲ ਹਨ) ਆਰਥਿਕ ਅਤੇ ਸਮਾਜਿਕ ਪੈਮਾਨੇ ਵਿੱਚ ਕਿੱਥੇ ਕੁ ਫਿਟ ਹੁੰਦੀ ਹੈ। ਇਸ ਸਬੰਧੀ ਆਪਣੀ ਰਾਏ ਦੇਣ ਨਾਲੋਂ, ਅਸੀਂ ਕੁਝ ਤਾਜ਼ਾ ਸੰਸਾਰ ਪ੍ਰਸਿੱਧ ਅਖਬਾਰਾਂ, ਮੈਗਜ਼ੀਨਾਂ ਆਦਿ ਦੀਆਂ ਰਿਪੋਰਟਾਂ ਨੂੰ ਅਧਾਰ ਬਣਾਇਆ ਹੈ ਤਾਂਕਿ ਇਸ ਮੁੱਦੇ ਦੀ ਨਿਰਪੱਖ ਤਸਵੀਰ ਸਾਹਮਣੇ ਆ ਸਕੇ।
ਸੰਸਾਰ ਪ੍ਰਸਿੱਧ ਅਖਬਾਰ, ‘ਵਾਲ ਸਟਰੀਟ ਜਰਨਲ' ਨੇ ਆਪਣੇ 9 ਦਸੰਬਰ ਦੇ ਅੰਕ ਵਿੱਚ ਇੱਕ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਜਿਸ ਦੇ ਲਿਖਾਰੀ ਪੱਤਰਕਾਰ ਗੀਤਾ ਅਨੰਦ ਤੇ ਅਮੋਲ ਸ਼ਰਮਾ ਹਨ। ਇਸ ਦਾ ਸਿਰਲੇਖ ਹੈ, ‘ਭਾਰਤ ਦੀਆਂ ਨੀਵੀਂਆਂ ਜਾਤਾਂ ਲਈ ‘ਅੱਗੇ ਵਧਣ' ਦਾ ਮਤਲਬ ਹੈ ‘ਪਿੱਛੇ ਹਟਣਾ।''' ਇਹ ਲਿਖਤ ਕਿਸੇ ਡਰਾਇੰਗ ਰੂਮ ਵਿੱਚ ਬੈਠ ਕੇ ਨਹੀਂ ਲਿਖੀ ਗਈ ਪਰ ਅੱਡ-ਅੱਡ ਥਾਵਾਂ 'ਤੇ ਜਾ ਕੇ ਉਪਰੋਕਤ ਵਰਗਾਂ ਦੇ ਲੋਕਾਂ ਨਾਲ ਕੀਤੇ ਇੰਟਰਵਿਊਆਂ 'ਤੇ ਅਧਾਰਤ ਹੈ। ਹਸਨਾਬਾਦ ਦੇ ਹਵਾਲੇ ਨਾਲ ਇਹ ਲਿਖਤ ਇਵੇਂ ਸ਼ੁਰੂ ਹੁੰਦੀ ਹੈ, ‘‘ਕਈ ਦਹਾਕੇ ਪਹਿਲਾਂ, ਸਿਰਾਜ ਗਾਜ਼ੀ ਦੇ ਦਾਦੇ ਨੇ ਆਪਣੀ ਦਲਿਤ ਜਾਤੀ ਦਾ ਅਖੀਰਲਾ ਨਾਮ (ਲਾਸਟ ਨੇਮ) ਚੌਦੁਲੀ ਬਦਲਕੇ, ਉ¤ਚ ਜਾਤ ਵਾਲਾ ‘ਗਾਜ਼ੀ' ਰੱਖ ਲਿਆ ਸੀ। ਉਹ ਸੋਚਦਾ ਸੀ ਕਿ ਸ਼ਾਇਦ ਇਸ ਨਾਲ ਉਸ ਦੀ ਸਮਾਜਿਕ ਪਛਾਣ ਬਦਲ ਜਾਵੇਗੀ ਤੇ ਉਸ ਨੂੰ ਕੁਝ ਸਤਿਕਾਰ ਮਿਲੇਗਾ। ਪਰ ਇਸ ਦਾ ਕੋਈ ਫਰਕ ਨਹੀਂ ਪਿਆ ਕਿਉਂਕਿ ਉ¤ਚੀਆਂ ਜਾਤਾਂ ਵਾਲਿਆਂ ਲਈ ਤਾਂ ਉਹ ਨੀਂਵੀ ਜਾਤ ਦਾ ਚੌਦੁਲੀ ਹੀ ਰਿਹਾ। ਪਰ ਹੁਣ ਉਸ ਦਾ 23 ਸਾਲਾ ਬੀ. ਏ. ਪਾਸ ਪੋਤਾ ਸਿਰਾਜ ਗਾਜ਼ੀ, ਆਪਣਾ ਨਾਂ ਸਿਰਾਜ ਚੌਦੁਲੀ ਰੱਖਣ ਲਈ ਹੱਥ ਪੈਰ ਮਾਰ ਰਿਹਾ ਹੈ। ਉਸ ਦਾ ਕਹਿਣਾ ਹੈ, ‘ਮੇਰੇ ਦਾਦੇ ਨੇ ਨਾਮ ਬਦਲਿਆ ਕਿਉਂਕਿ ਉਹ ਚਾਹੁੰਦਾ ਸੀ ਕਿ ਲੋਕ ਸਾਨੂੰ ਨੀਵੀਂ ਜਾਤ ਦਾ ਸਮਝ ਕੇ ਨਫਰਤ ਕਰਨੀ ਛੱਡ ਦੇਣਗੇ ਪਰ ਮੈਂ ਹੁਣ ਵਾਪਸ ਅਛੂਤ ਹੀ ਕਹਾਉਣਾ ਚਾਹੁੰਦਾ ਹਾਂ ਤਾਂਕਿ ਮੈਨੂੰ ਕੋਈ ਚੰਗੀ ਨੌਕਰੀ ਮਿਲ ਸਕੇ।''
ਵਾਲ ਸਟਰੀਟ ਦੀ ਲਿਖਤ ਅਨੁਸਾਰ ‘ਭਾਰਤ ਦੀ ਪਸਰ ਰਹੀ ਆਰਥਿਕਤਾ ਅਤੇ ਦੌਲਤ ਦੇ ਬਾਵਜੂਦ, ਗਰੀਬ ਪੇਂਡੂ ਇਲਾਕਿਆਂ ਵਿੱਚ ਵਸ ਰਹੇ ਲੋਕਾਂ ਦੀ ਤਰਜ਼ੇ-ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਹੋਈ। ਹੁਣ ਇਸ ਤਬਦੀਲੀ ਨੂੰ ਲਿਆਉਣ ਲਈ, ਹਿੰਦੂ ਸਮਾਜ ਦੀ ਬਦਤਰੀਨ ਲਾਹਨਤ ਜਾਤ-ਪਾਤ ਸਿਸਟਮ ਦਾ ਸਹਾਰਾ ਲਿਆ ਜਾ ਰਿਹਾ ਹੈ। 1993 ਤੋਂ ਹੁਣ ਤੱਕ, ਪੱਛੜੀਆਂ ਸ਼੍ਰੇਣੀਆਂ ਦੀ ਗਿਣਤੀ ਦੁੱਗਣੀ ਹੋ ਕੇ 2, 251 ਤੱਕ ਪਹੁੰਚ ਗਈ ਹੈ, ਹੁਣ ਇਸ ਵਿੱਚ 200 ਹੋਰ ਜਾਤਾਂ ਨੂੰ ਪੱਛੜੀਆਂ ਜਾਤਾਂ ਐਲਾਨਕੇ ਸ਼ਾਮਲ ਕੀਤਾ ਜਾਣਾ ਹੈ। ਇਹ ਸਿਰਫ ਪੱਛਮੀ ਬੰਗਾਲ ਦੀ ਦਸ਼ਾ ਹੈ।''
ਵਾਲ ਸਟਰੀਟ ਅਨੁਸਾਰ, ‘‘ਭਾਰਤ ਭਰ ਵਿੱਚ 6,400 ਦੇ ਕਰੀਬ ਗੋਤ ਹਨ, ਜਿਨ੍ਹਾਂ ਅਨੁਸਾਰ ਕਿਸੇ ਵਿਅਕਤੀ ਦਾ ਸਮਾਜਕ ਅਤੇ ਆਰਥਿਕ ਰੁਤਬਾ ਨਿਰਧਾਰਤ ਕੀਤਾ ਜਾਂਦਾ ਹੈ। ਭਾਵੇਂ ਦਲਿਤ ਵਰਗ ਵਿੱਚੋਂ ਕੁਝ ਸਫਲ ਵਪਾਰੀ ਆਏ ਹਨ ਪਰ ਇੱਕ ਤਾਜ਼ਾ ਸਰਵੇ ਅਨੁਸਾਰ ਉ¤ਚੀਆਂ ਜਾਤਾਂ ਵਾਲੇ ਦਲਿਤਾਂ ਨਾਲੋਂ ਦੋ-ਗੁਣਾਂ ਜ਼ਿਆਦਾ ਖੁਸ਼ਹਾਲ ਹਨ। ਪ੍ਰਾਈਵੇਟ ਸੈਕਟਰ ਦੇ ਭਾਰਤ ਵਿੱਚ ‘ਚੜਾਅ' ਨਾਲ ਦਲਿਤਾਂ ਦੀ ਦਸ਼ਾ ਹੋਰ ਵੀ ਮਾੜੀ ਹੁੰਦੀ ਜਾ ਰਹੀ ਹੈ। ਆਪਣੇ ਆਰਥਿਕ ਬਚਾਅ ਲਈ ਦਲਿਤ ਵਰਗ ਵਾਪਸ ਜਾਤ-ਪਾਤ ਅਧਾਰਿਤ ਸਿਸਟਮ ਵਲ ਝੁਕ ਰਿਹਾ ਹੈ। ਜੇ ਇਸ ਦਾ ਦਲਿਤਾਂ ਨੂੰ ਥੋੜਾ-ਬਹੁਤ ਆਰਥਿਕ ਫਾਇਦਾ ਹੋ ਵੀ ਗਿਆ ਤਾਂ ਵੀ ਉਹ ਸਮਾਜਿਕ ਤੌਰ 'ਤੇ ਹੇਠਾਂ ਵਾਲੇ ਡੰਡੇ 'ਤੇ ਹੀ ਖੜੇ ਰਹਿਣਗੇ। ਭਾਰਤ ਵਿੱਚ ਜਾਤ-ਪਾਤ ਨਫਰਤ ਦੀਆਂ ਜੜਾਂ ਬਹੁਤ ਡੂੰਘੀਆਂ ਹਨ।''
ਇਸਲੰਬੇ-ਚੌੜੇ ਆਰਟੀਕਲ ਵਿੱਚ, ਡਿਊਕ ਯੂਨੀਵਰਸਿਟੀ ਦੇ ਪ੍ਰੋਫੈਸਰ ਅਨਿਰੁਧ ਕ੍ਰਿਸ਼ਨਾ (ਜਿਹੜਾ ਭਾਰਤ ਦੀ ਗਰੀਬੀ ਦਾ ਮਾਹਿਰ ਪ੍ਰੋਫੈਸਰ ਹੈ) ਦਾ ਕਹਿਣਾ ਹੈ, ‘‘ਸਰਕਾਰ ਸਿਰਫ ਮੂੰਹ-ਦਿਖਾਵਾ ਕਰਨ ਲਈ ਸ਼ਾਰਟਕੱਟ ਮਾਰ ਰਹੀ ਹੈ। ਭਾਰਤ ਦੇ ਗਰੀਬਾਂ ਦੀ ਦਸ਼ਾ ਇੱਕ ‘ਚੀਖਾਂ ਮਾਰਦਾ ਸਕੈਂਡਲ' ਹੈ।'' ਵਾਲ ਸਟਰੀਟ ਜਰਨਲ ਅਨੁਸਾਰ ‘ਚੀਨ ਵਿੱਚ ਗਰੀਬਾਂ ਦੀ ਹਾਲਤ ਬਦਤਰ ਸੀ। ਪਰ ਉਨ੍ਹਾਂ ਨੇ ਪਬਲਿਕ ਹੈਲਥ, ਵਿੱਦਿਆ ਅਤੇ ਇਨਫਰਾਸਟਰੱਕਚਰ ਦੇ ਉ¤ੇਤੇ ਭਾਰੀ ਖਰਚ ਕੀਤਾ। ਅੱਜ ਉਹ ਭਾਰਤ ਨਾਲੋਂ ਕਿਤੇ ਅੱਗੇ ਨਿਕਲ ਗਿਆ ਹੈ ਅਤੇ ਗਰੀਬਾਂ ਦੀ ਦਸ਼ਾ ਵਿੱਚ ਭਾਰੀ ਸੁਧਾਰ ਆਇਆ ਹੈ।'
ਭਾਰਤੀ ਸੁਪਰੀਮ ਕੋਰਟ ਨੇ ਪਿੱਛੇ ਜਿਹੇ ‘ਖਾਪ ਪੰਚਾਇਤਾਂ' ਵਲੋਂ, ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਨੂੰ ਮਾਰ-ਮੁਕਾਉਣ ਦੇ ਦਿੱਤੇ ਫਤਵਿਆਂ ਸਬੰਧੀ ਦਿੱਤੇ ਇੱਕ ਫੈਸਲੇ ਵਿੱਚ ਕਿਹਾ ਸੀ, ‘ਜਾਤ ਪਾਤ ਸਿਸਟਮ, ਭਾਰਤ ਦੇਸ਼ ਨੂੰ ਚੰਬੜਿਆ ਇੱਕ ਸਰਾਪ ਹੈ, ਇਸ ਦਾ ਫੌਰਨ ਅੰਤ ਹੋਣਾ ਚਾਹੀਦਾ ਹੈ।' ਪਰ ਕੌਣ ਇਸ ਦਾ ਅੰਤ ਕਰੇਗਾ... ਬ੍ਰਾਹਮਣ ਸਮਾਜ?
‘ਨੈਸ਼ਨਲ ਜਿਓਗਰਾਫਿਕ', ਦੁਨੀਆ ਦਾ ਇੱਕ ਬਹੁਤ ਹੀ ਅਹਿਮ ਮੈਗਜ਼ੀਨ ਹੈ, ਜਿਸ ਦੇ ਪ੍ਰਕਾਸ਼ਤ ਅੰਕ ਇਨਸਾਨੀ ਇਤਿਹਾਸ ਦਾ ਹਿੱਸਾ ਬਣ ਰਹੇ ਹਨ। ਟੌਮ ਓ ਨੀਲ ਨਾਂ ਦੇ ਲੇਖਕ ਦਾ ਇੱਕ ਲੇਖ (ਫੋਟੋਆਂ ਸਮੇਤ) ਇਸ ਰਸਾਲੇ ਵਿੱਚ ਪ੍ਰਕਾਸ਼ਿਤ ਹੈ, ਜਿਸ ਦਾ ਸਿਰਲੇਖ ਹੈ ‘ਅਛੂਤ।' ਇਸ ਦੀ ਪ੍ਰਮੁੱਖ ਫੋਟੋ ਦੇ ਐਨ ਵਿਚਕਾਰ ਲਿਖਿਆ ਹੈ, ‘ਆਪਣੇ ਜਨਮ ਦੀ ਘੜੀ ਤੋਂ ਹੀ ਅਸ਼ੁੱਧ ਦਾ ਠੱਪਾ ਲਵਾ ਕੇ, ਹਰ 6ਵਾਂ ਭਾਰਤੀ, ਹਿੰਦੂ ਜਾਤ-ਪਾਤ ਸਿਸਟਮ ਦੇ ਸਭ ਤੋਂ ਹੇਠਲੇ ਡੰਡੇ 'ਤੇ ਖਲੋਤਾ ਨਰਕ ਵਰਗੀ ਜ਼ਿੰਦਗੀ ਭੋਗਦਾ ਹੈ, ਇਸ ਨੂੰ ਅਛੂਤ ਕਹਿੰਦੇ ਹਨ।' ਇਸ ਦਾ ਦੂਸਰਾ ਸਿਰਲੇਖ ਹੈ, ‘ਭਾਰਤ ਵਿੱਚ ਤਕਨੀਕੀ ਤੌਰ 'ਤੇ ਅਛੂਤਾਂ ਦੇ ਖਿਲਾਫ ਵਿਤਕਰਾ ਗੈਰ-ਕਾਨੂੰਨੀ ਹੈ ਪਰ ਭਾਰਤ ਦੇ 16 ਕਰੋੜ ਅਛੂਤ, ਜੇ ਆਪਣੀ ਔਕਾਤ ਭੁੱਲਣ ਦਾ ਯਤਨ ਕਰਦੇ ਹਨ ਤਾਂ ਉਨ੍ਹਾਂ ਨੂੰ ਭਾਰੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।' ਇਹ ਆਰਟੀਕਲ, ਅੱਖਾਂ ਖੋਲਣ ਵਾਲਾ ਹੈ ਪਰ ਥਾਂ ਦੀ ਘਾਟ ਕਰਕੇ, ਇਸ ਨੂੰ ਇਥੇ ਹੀ ਸਮੇਟਦੇ ਹਾਂ।'
‘ਆਊਟਲੁੱਕ' ਨਾਂ ਦਾ ਰਸਾਲਾ, ਭਾਰਤ ਵਿੱਚ ਬੜੀਆਂ ਸਤਿਕਾਰਤ ਅੱਖਾਂ ਨਾਲ ਵੇਖਿਆ ਜਾਂਦਾ ਹੈ। 19 ਦਸੰਬਰ ਦੇ ਅੰਕ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ, ਜਿਸ ਦਾ ਸਿਰਲੇਖ ਹੈ, ‘ਦੀ ਲੈਫਟਓਵਰ ਗੌਡ' (ਬਚਿਆ ਖੁਚਿਆ ਰੱਬ)। ਇਸ ਲਿਖਤ ਦਾ ਸਬੰਧ ਕਰਨਾਟਕ ਸਟੇਟ ਦੇ ਦਕਸ਼ਨਾ ਕਨਾਡਾ ਜ਼ਿਲੇ ਦੇ ਸੁਬਰਾਮਨੀਆ ਮੰਦਰ ਵਿੱਚ ਹਾਲ ਵਿੱਚ ਹੀ ਹੋਏ ਇੱਕ ਸਮਾਗਮ ਨਾਲ ਹੈ। ਇਸ ਮੰਦਰ ਦਾ ਪ੍ਰਬੰਧ ਕਰਨਾਟਕ ਸਰਕਾਰ ਵਲੋਂ ਥਾਪੇ ਗਏ ਟਰੱਸਟ ਵਲੋਂ ਕੀਤਾ ਜਾਂਦਾ ਹੈ। ਰਿਪੋਰਟ ਅਨੁਸਾਰ, ਇਸ ਮੰਦਰ ਵਿਚਲੇ ਤਿੰਨ ਰੋਜ਼ਾ ਚੰਪਾ ਸ਼ਾਸਤੀ ਤਿਓਹਾਰ (ਜਿਹੜਾ 28 ਨਵੰਬਰ ਤੋਂ 30 ਨਵੰਬਰ ਤੱਕ ਹੋਇਆ) ਦੀ ਇਹ ਸਦੀਆਂ ਪੁਰਾਣੀ ਪ੍ਰੰਪਰਾ ਹੈ ਕਿ ਇਸ ਮੰਦਰ ਦੇ ਸ਼ਿਵਾਲੀ ਬ੍ਰਾਹਮਣਾਂ ਨੂੰ ਮੰਦਰ ਵਿੱਚ ਵੰਨ-ਸੁਵੰਨਾ ਭੋਜਨ ਪਰੋਸਿਆ ਜਾਂਦਾ ਹੈ। ਜਦੋਂ ਉਹ ਆਪਣਾ ਭੋਜਨ ਖਾ ਲੈਂਦੇ ਹਨ ਤਾਂ ਉਨ੍ਹਾਂ ਦੇ ਜੂਠੇ ਬਚੇ ਭੋਜਨ ਨੂੰ ਬਾਹਰ ਮੰਦਰ ਦੇ ਵਰਾਂਡੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਦਲਿਤ ਤੇ ਪੱਛੜੀਆਂ ਜਾਤਾਂ ਦੇ ਲੋਕ, ਜ਼ਮੀਨ 'ਤੇ ਪਲਸੇਟੇ ਮਾਰ ਕੇ ਉਸ ਜੂਠੇ ਭੋਜਨ ਨੂੰ ਆਪਣੇ ਸਰੀਰਾਂ ਥੱਲੇ ਰੌਂਦਦੇ ਹਨ। ਉਨ੍ਹਾਂ ਨੂੰ ਇਹ ਵਿਸ਼ਵਾਸ਼ ਦਿੱਤਾ ਗਿਆ ਹੈ ਕਿ ਇਸ ਤਰਾਂ ਕੀਤਿਆਂ ਉਨ੍ਹਾਂ ਦੇ ‘ਰੋਗਾਂ ਦਾ ਨਾਸ' ਹੋਵੇਗਾ। ਇਸ ਵਾਰ 4000 ਤੋਂ ਜ਼ਿਆਦਾ ਦਲਿਤਾਂ ਨੇ, ਬ੍ਰਾਹਮਣਾਂ ਦੇ ਜੂਠੇ ਭੋਜਨ 'ਤੇ ਪਲਸੇਟੇ ਮਾਰੇ। ‘ਕਰਨਾਟਕ ਬੈਕਵਰਡ ਕਲਾਸ ਅਵੇਅਰਨੈ¤ਸ ਫੋਰਮ' ਦੇ ਕੇ. ਐਸ. ਸ਼ਿਵਾਰਾਮੂ ਦਾ ਕਹਿਣਾ ਹੈ, ‘ਪੱਛੜੀਆਂ ਜਾਤਾਂ, ਦਲਿਤਾਂ ਨੂੰ, ਇਸ ਖਿੱਤੇ ਦੇ ਬ੍ਰਾਹਮਣ ਇਹੋ ਜਿਹੀ ਅਪਮਾਨਜਨਕ ਰਸਮ ਵੱਲ ਲਗਾਤਾਰਤਾ ਨਾਲ ਧੱਕ ਰਹੇ ਹਨ। ਬ੍ਰਾਹਮਣ ਵਰਗ, ਇਨ੍ਹਾਂ ਗਰੀਬਾਂ ਦੀ ਅਗਿਆਨਤਾ ਦਾ ਫਾਇਦਾ ਉਠਾ ਰਿਹਾ ਹੈ।'
ਭਾਰਤ ਦੀ ਸਰਕਾਰੀ ਨਿਊਜ਼ ਏਜੰਸੀ ਪੀ. ਟੀ. ਆਈ. ਵਲੋਂ ਦਿੱਤੀ 2 ਦਸਬੰਰ ਦੀ ਇੱਕ ਖਬਰ ਅਨੁਸਾਰ, ਯੂ. ਪੀ. (ਜਿਥੇ ਦਲਿਤ ਲੀਡਰ ਮਾਇਆਵਤੀ ਦੀ ਸਰਕਾਰ ਹੈ) ਦੇ ਜ਼ਿਲਾ ਬਸਤੀ ਦੇ ਰਦੌਰਪੁਰ ਪਿੰਡ ਵਿੱਚ, ਇੱਕ ਗਰੀਬ ਦਲਿਤ ਦੇ ਬੇਟੇ ਨੀਰਜ ਕੁਮਾਰ ਨੂੰ ਪਿੰਡ ਦੇ ਇੱਕ ਚੌਧਰੀ ਨੇ ਸਾਜ਼ਸ਼ ਕਰਕੇ ਇਸ ਲਈ ਮਾਰ ਦਿੱਤਾ ਕਿਉਂਕਿ ਉਸ ਦੇ ਮੁੰਡਿਆਂ ਦਾ ਨਾਮ ਵੀ ਨੀਰਜ ਕੁਮਾਰ ਅਤੇ ਧੀਰਜ ਕੁਮਾਰ ਹੈ ਅਤੇ ਉਹ ਕਾਫੀ ਅਰਸੇ ਤੋਂ ਗਰੀਬ ਦਲਿਤ (ਜਿਸ ਦਾ ਦੋ ਮੁੰਡਿਆਂ ਦਾ ਨਾਮ ਵੀ ਨੀਰਜ ਅਤੇ ਧੀਰਜ ਸੀ) ਨੂੰ ਕਹਿ ਰਿਹਾ ਸੀ ਕਿ ਉਹ ਆਪਣੇ ਮੁੰਡਿਆਂ ਦਾ ਨਾਮ ਬਦਲ ਲਵੇ। 14 ਸਾਲਾ ਨੀਰਜ ਕੁਮਾਰ ਦੀ ਲਾਸ਼ ਖੇਤਾਂ ਵਿੱਚੋਂ ਮਿਲੀ, ਜਿਸ ਨੂੰ ਕਿ ਗਲ਼ਾ ਘੁੱਟ ਕੇ ਮਾਰਿਆ ਗਿਆ ਸੀ। ‘ਚੌਧਰੀ' ਦੇ ਦੋਵੇਂ ਪੁੱਤਰ ਫਰਾਰ ਹਨ।
ਲਗਭਗ ਇੱਕ ਸਦੀ ਪਹਿਲਾਂ ਸਾਊਥ ਏਸ਼ੀਆ ਦੇ ਪ੍ਰਸਿੱਧ ਫਿਲਾਸਫਰ ਸ਼ਾਇਰ ਅਲਾਮਾ ਇਕਬਾਲ (ਜਨਮ - 9 ਨਵੰਬਰ, 1877, ਦੁਨੀਆ ਤੋਂ ਰੁਖਸਤੀ - 21 ਅਪ੍ਰੈਲ, 1938) ਨੇ ਆਪਣੀ ਪ੍ਰਸਿੱਧ ਪੁਸਤਕ ‘ਬਾਂਗ-ਏ-ਦਰਾ' ਵਿੱਚ, ਇੱਕ ਨਜ਼ਮ ਗੁਰੂ ਨਾਨਕ ਸਾਹਿਬ ਪ੍ਰਤੀ ਲਿਖੀ ਸੀ। ਇਸ ਵਿੱਚ, ਜਾਤ-ਪਾਤ ਨਿਜ਼ਾਮ ਵਾਲੇ ਭਾਰਤ ਨੂੰ ‘ਸ਼ੂਦਰ ਦਾ ਗਮਖਾਨਾ' ਬਿਆਨਦਿਆਂ ਕਿਹਾ ਸੀ -
‘ਆਹ! ਸ਼ੂਦਰ ਕੇ ਲੀਏ ਹਿੰਦੋਸਤਾਨ ਗਮਖਾਨਾ ਹੈ।
ਦਰਦੇ-ਇਨਸਾਨੀ ਸੇ, ਇਸ ਬਸਤੀ ਕਾ ਦਿਲ ਬੇਗਾਨਾ ਹੈ।....'
ਕੀ ਅੱਜ ਵੀ, ਇਹ ਭਾਰਤ ਦੇਸ਼ ਦਲਿਤਾਂ, ਘੱਟਗਿਣਤੀਆਂ ਸਮੇਤ 70 ਕਰੋੜ ਲੋਕਾਂ ਲਈ ਬ੍ਰਾਹਮਣਵਾਦ ਨੇ ਗਮਖਾਨਾ ਨਹੀਂ ਬਣਾਇਆ ਹੋਇਆ?

No comments: